Wednesday, February 3, 2016

ਗੁਰੂ-ਭਗਤ !

ਗੁਰੂ-ਭਗਤ !
ਗੁਰ ਮਤਿ ਵਿੱਚ ਕੋਈ ਦੇਹ ਦੀ ਮਹਾਨਤਾ ਨਾ,
ਮਾਨਤਾ ਹੈ ਇੱਥੇ ਸਦਾ ਮਨ ਤੇ ਵਿਚਾਰ ਦੀ ।

ਸੱਤ ਗੁਰੂ ਵਾਲਾ ਭਾਵ ਸੱਚ ਦਾ ਗਿਆਨ ਹੁੰਦਾ,
ਜਿਹੜਾ ਵਿੱਥ ਮੇਟੇ ਨਿਰੰਕਾਰ ਤੇ ਸੰਸਾਰ ਦੀ ।

ਦੇਹ ਹੁੰਦੀ ਇੱਕੋ ਭਗਤਾਂ ਤੇ ਸੰਸਾਰੀਆਂ ਦੀ,
ਪਰ ਵੱਖ ਹੁੰਦੀ ਸੇਧ ਗਿਆਨ ਦੇ ਮਿਆਰ ਦੀ ।

ਗੁਰੂ, ਭਗਤਾਂ ਤਾਂ ਬੰਦਾ ਗਿਆਨ ਨਾਲ ਜੋੜਿਆ ਸੀ,
ਪਰ ਬੰਦੇ ਲੋੜ ਘੜੀ ਪੂਜਾ ਤੇ ਆਕਾਰ ਦੀ ।

ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਹੈ ਗਿਆਨ ਜਿਹੜਾ,
ਓਹੀ ਗਿਆਨ ਰਿਹਾ, ਗੁਰੂ ,ਭਗਤਾਂ ਦਾ ਗੁਰੂ ਸੀ ।

ਛੱਡਕੇ ਵਿਚਾਰ ਲੋਕਾਂ, ਸਾਂਭਲੇ ਆਕਾਰ ਜਦੋਂ,
ਗੁਰੂ, ਭਗਤਾਂ `ਚ ਕੀਤੀ ਤੇਰ ਮੇਰ ਸ਼ੁਰੂ ਸੀ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Saturday, January 30, 2016

ਗੁਰਬਾਣੀ-ਰਮਜਾਂ !!

ਗੁਰਬਾਣੀ-ਰਮਜਾਂ !!
ਗੁਰਬਾਣੀ ਨੂੰ ਜਦ ਵੀ ਸੱਜਣੋ, ਦੁਨੀਆਂ ਨਾਲ ਵਿਚਾਰੋ ।
ਅਟੱਲ ਬ੍ਰਹਿਮੰਡੀ ਨਿਯਮਾਂ ਨੂੰ,  ਨਾ ਭੁੱਲਕੇ ਕਦੇ ਵਿਸਾਰੋ ।
ਸ਼ਬਦੀ ਅਰਥ ਇਕੱਲਿਆਂ ਦੇ ਨਾਲ, ਜੇਕਰ ਬਣੇ ਦੁਚਿੱਤੀ,
ਗੁਰਸ਼ਬਦਾਂ ਦੇ ਅਰਥਾਂ ਦੇ ਨਾਲ, ਭਾਵ ਅਰਥ ਚਿਤਾਰੋ ।
ਸ਼ਬਦ-ਕੋਸ਼ਾਂ ਦੇ ਅਰਥ ਸਦਾ, ਗੁਰਬਾਣੀ ਨਹੀਂ ਅਰਥਾਉਂਦੇ,
ਗੁਰਬਾਣੀ ਦੇ ਅਰਥਾਂ ਨੂੰ, ਗੁਰਬਾਣੀ ਰਾਹੀਂ ਨਿਹਾਰੋ ।
ਗੁਰ-ਸਿਧਾਂਤ ਸਪੱਸ਼ਟੀ ਖਾਤਿਰ, ਅਨਮਤ ਦੀਆਂ ਮਸਾਲਾਂ,
ਅਤੇ ਪ੍ਰਚਲਤ ਮੁਹਾਵਰਿਆਂ ਨੂੰ ਗੁਰਮਤਿ ਨਾ ਸਵੀਕਾਰੋ ।
ਇੱਕ ਹੀ ਸ਼ਬਦ ਦੇ ਵਿੱਚੋਂ ਜੇਕਰ, ਨੁਕਤਾ ਸਮਝ ਨਾ ਆਵੇ,
ਓਸ ਵਿਸ਼ੇ ਦੇ ਬਾਕੀ ਸ਼ਬਦਾਂ, ਵੱਲ ਨਿਗਾਹ ਵੀ ਮਾਰੋ ।
ਇੱਕੋ ਹੀ ਪ੍ਰਕਰਣ ਦੇ ਸਾਰੇ, ਸ਼ਬਦ ਇਕੱਠੇ ਕਰਕੇ,
ਗੁਰਮਤਿ ਦਾ ਸਿਧਾਂਤ ਜੋ ਉੱਘੜੇ, ਉਸਨੂੰ ਹੀ ਸਤਿਕਾਰੋ ।
ਗੁਰੂਆਂ ਭਗਤਾਂ ਭਾਵੇਂ ਸੀ, ਪਰਚਲਤ ਸ਼ਬਦ ਹੀ ਵਰਤੇ,
ਪਰ ਦੇਕੇ ਸੀ ਅਰਥ ਨਵੇਂ, ਸਮਝਾਇਆ 'ਬ੍ਰਹਮ-ਪਸਾਰੋ' ।
ਕੁਦਰਤ ਦੇ ਨਿਯਮਾਂ ਨੂੰ ਦੁਨੀਆਂ, ਹੁਕਮ ਰੱਬ ਦਾ ਮੰਨਦੀ,
ਨਾਮ-ਧਰਮ ਵੀ ਇੱਕ ਨਿਯਮ ਹੈ, ਵੱਖਰਾ ਨਾ ਪਰਚਾਰੋ ।
ਕੁਦਰਤ ਵਾਲੇ ਨਿਯਮ ਜਗਤ ਤੇ, ਸਦਾ ਹੀ ਸੱਚੇ ਰਹਿਣੇ,
ਗੁਰਬਾਣੀ ਉਪਦੇਸ਼ ਵੀ ਇੰਝ ਹੀ, ਦੁਨੀਆਂ ਵਿੱਚ ਸ਼ੰਗਾਰੋ ।
ਗੁਰਬਾਣੀ ਤਾਂ ਕੁਦਰਤ ਅੰਗ-ਸੰਗ, ਹੋਕੇ ਜੀਣਾ ਦੱਸੇ,
ਕੁਦਰਤ ਉਲਟ ਨਾ ਚਿਤਵ ਕਦੇ ਵੀ, ਧਰਮ ਵਿਖਾਵਾ ਧਾਰੋ ।
ਗੁਰਬਾਣੀ ਦੀਆਂ ਰਮਜਾਂ ਵਿੱਚੋਂ, ਜੀਵਨ ਜਾਂਚ ਨੂੰ ਸਿੱਖਕੇ,
ਆਪਣਾ ਜੀਵਨ ਅਤੇ ਚੁਗਿਰਦਾ, ਬਣ ਇਨਸਾਨ ਸਵਾਰੋ ।।

ਡਾ ਗੁਰਮੀਤ ਸਿੰਘ ਬਰਸਾਲ ( ਕੈਲੇਫੋਰਨੀਆਂ)

Saturday, January 23, 2016

Friday, January 22, 2016

ਮਿਰਜਾ

ਮਿਰਜਾ !!
ਜਦ ਵੀ ਲੋਕੀਂ ਮਿਰਜੇ ਨੂੰ ਵਡਿਆਉਂਦੇ ਨੇ ।
ਭੈਣ ਭਰਾ ਦੇ ਰਿਸ਼ਤੇ ਨੂੰ ਦਫਨਾਉਂਦੇ ਨੇ ।
ਜਿਸਦਾ ਸੱਭਿਆਚਾਰ ਮੁਬਾਰਕ ੳਸਨੂੰ ਤਾਂ,
ਜਿਸਦਾ ਨਹੀਂ ਏ ਉਸਨੂੰ ਕਿਓਂ ਉਕਸਾਉਂਦੇ ਨੇ ।
ਮਾਮੇ ਦੀ ਧੀ ਮਿਰਜਾ ਕੱਢਕੇ ਲੈ ਗਿਆ ਸੀ,
ਕਾਹਤੋਂ ਲੋਕੀਂ ਫ਼ਖਰ ਨਾਲ ਇਹ ਗਾਉਂਦੇ ਨੇ ।
ਜਿਹਨਾਂ ਲਈ ਇਹ ਰਿਸ਼ਤਾ ਭੈਣ-ਭਰਾ ਦਾ ਹੈ,
ਉਹਨਾਂ ਲਈ ਕਿਉਂ ਰਿਸ਼ਤੇ ਨੂੰ ਛੁਟਿਆਉਂਦੇ ਨੇ ।
ਮਾਮੇਂ ਦੇ ਜਾਇਆਂ ਹੀ ਮਿਰਜਾ ਵੱਡਿਆ ਸੀ,
ਕਿਉਂ ਉਹ ਭਾਈ ਸਾਹਿਬਾਂ ਦੇ ਅਖਵਾਉਂਦੇ ਨੇ ।
ਪਾਕਿ ਮੁਹੱਬਤ ਰੂਹਾਂ ਦੀ ਗਲਵੱਕੜੀ ਏ,
ਗਾਇਕ-ਲੇਖਕ ਜਿਸਮਾਂ ਦੀ ਸਮਝਾਉਂਦੇ ਨੇ ।
ਖੁਦ ਦੇ ਬੱਚੇ ਮਿਰਜੇ-ਸਾਹਿਬਾਂ ਬਣਦੇ ਜਦ,
ਫੇਰ ਅਨੈਤਿਕ ਸੇਧਾਂ ਤੇ ਪਛਤਾਉਂਦੇ ਨੇ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, January 12, 2016

Sunday, December 20, 2015

Sunday, December 13, 2015

ਸਿੱਖ-ਸੋਚ

ਸਿੱਖ ਸੋਚ !!
ਭਲਾ ਸਰਬੱਤ ਵਾਲਾ ਸੋਚਦੀ ਸੀ ਸੋਚ ਜਿਹੜੀ,
ਸੋਚੇ ਅੱਜ ਆਪ ਕਿੰਝ ਬਚਣਾ ਖੁਆਰੀ ਤੋਂ ।
ਵਰਗਾਂ ਦੀ ਘੜੀ ਮਰਿਆਦਾ ਕੋਲੋਂ ਬਾਗੀ ਹੋਕੇ,
ਲੁੱਟ-ਕੁੱਟ ਵਾਲੀ ਲੀਕ ਲੀਡਰਾਂ ਦੀ ਮਾਰੀ ਤੋਂ ।।
ਪੰਥ-ਪੰਥ ਆਖਕੇ ਵੀ ਪੰਥ ਦੇ ਵਿਰੁੱਧ ਰਹਿੰਦੀ,
ਰਹਿੰਦੀ ਬੇ-ਧਿਆਨੀ ਰਾਜਨੀਤੀ ਦੀ ਮਕਾਰੀ ਤੋਂ ।
ਏਕਤਾ ਦੇ ਨਾਮ ਉੱਤੇ ਰੈਲੀਆਂ ‘ਚ ਪੁੱਜ ਜਾਂਦੀ,
ਭਾਵੇਂ ਪਛਤਾਉਂਦੀ ਪਿੱਛੋਂ ਉੱਥੇ ਹੋਈ ਖੁਆਰੀ ਤੋਂ ।।
ਵਾਰ-ਵਾਰ ਥੋਖਾ ਖਾਕੇ ਹਰ ਵਾਰ ਭੁੱਲ ਜਾਂਦੀ,
ਝੱਟ ਪਿੱਛੇ ਲੱਗ ਜਾਂਦੀ ਥੋੜਾ ਪੁਚਕਾਰੀ ਤੋਂ
ਸਿੱਖ ਸੋਚ ਕਦੇ ਕੁਰਬਾਨੀ ਤੋਂ ਨਾ ਪਿੱਛੇ ਰਹਿੰਦੀ,
ਲੀਡਰ ਨਾ ਰਹਿੰਦੇ ਪਿੱਛੇ ਕਦੇ ਵੀ ਗਦਾਰੀ ਤੋਂ ।।
ਭਾਵੇਂ ਨਹੀਂ ਜਾਗੀ ਪਰ ਅੰਗੜਾਈ ਲੈ ਰਹੀ ਏ,
ਮਜਹਬੀ ਜਨੂਨ ਵਾਲੀ ਨੀਤੀ ਦੀ ਖੁਮਾਰੀ ਤੋਂ ।
ਬੰਦਿਆਂ ਨੂੰ ਛੱਡਕੇ ਵਿਚਾਰ ਜਦੋਂ ਆਗੂ ਬਣੇ,
ਬੇਗਮਪੁਰੇ ਦੀ ਕਿਹੜਾ ਰੋਕ ਲਊ ਉਸਾਰੀ ਤੋਂ ।।।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)