Friday, September 11, 2015

ਸਾਰਾਗੜ੍ਹੀ ਦੀ ਵਾਰ !!

ਸਾਰਾਗੜ੍ਹੀ ਦੀ ਵਾਰ !!
ਜਦ ਸਾਰਾ ਗੜ੍ਹੀ ‘ਚ ਆਣਕੇ,
ਸਿੱਖਾਂ ਚੌਕੀ ਲਈ ਬਣਾ ।
ਉੱਥੇ ਆਣ ਪਠਾਣ ਕਬਾਇਲੀਆਂ,
ਲਿਆ ਘੇਰਾ ਰਲ਼ਕੇ ਪਾ ।
ਕਹਿੰਦੇ ਬਾਹਰ ਆ ਜਾਓ ਗੜ੍ਹੀ ‘ਚੋਂ,
ਨਾ ਜਿੰਦਗੀ ਲਿਓ ਗਵਾ ।
ਏਥੇ ਫੌਜ ਤੁਹਾਡੀ ਆਣਕੇ,
ਹੁਣ ਸਕਦੀ ਨਹੀਂ ਬਚਾ ।।
ਸਿੰਘਾਂ ਆਖਿਆ ਅੰਦਰੋਂ ਗਰਜਕੇ,
ਸਾਨੂੰ ਸਕੇ ਨਾ ਕੋਈ ਝੁਕਾ ।
ਅਸੀਂ ਡਰੀਏ ਕਦੇ ਨਾ ਮੌਤ ਤੋਂ,
ਸਾਨੂੰ ਜੰਗ ਜੂਝਣ ਦਾ ਚਾਅ ।
ਅਸੀਂ ਪੁੱਤਰ ਗੁਰੂ ਗੋਬਿੰਦ ਦੇ,
ਨਲੂਏ ਦੇ ਧਰਮ ਭਰਾ ।
ਸਿੰਘਾਂ ਗਰਜ ਜੈਕਾਰਾ ਛੱਡਿਆ,
ਗਈਆਂ ਰਫਲਾਂ ਮੋਢੇ ਆ ।।
ਸਿੰਘਾਂ ਸਾਂਭ ਗੜ੍ਹੀ ਵਿੱਚ ਮੋਰਚੇ,
ਦਿੱਤੀ ਅੱਗ ਤੇ ਅੱਗ ਵਰ੍ਹਾ ।
ਧੂਆਂ-ਧਾਰ ਹੋਇਆ ਮੈਦਾਨ ਫਿਰ,
ਉਥੇ ਗਿਆ ਅੰਧੇਰਾ ਛਾ ।
ਇੱਕੀ ਸਿੰਘ ਲਲਕਾਰੇ ਮਾਰਦੇ,
ਮੱਥਾ ਦਸ ਹਜਾਰ ਨਾਲ ਲਾ ।
ਉੱਥੇ ਢੇਰ ਲਾਸ਼ਾਂ ਦੇ ਲੱਗ ਗਏ,
ਵਗੇ ਖੂਨ ਵਾਲਾ ਦਰਿਆ ।।
ਛੇ ਘੰਟੇ ਦੇ ਵਿੱਚ ਸੂਰਿਆਂ,
ਗੱਡੀ ਛੇ ਸੌ ਦਿੱਤੇ ਚੜ੍ਹਾ ।
ਸਿੰਘਾਂ ਗੋਲੀ ਸਿੱਕਾ ਮੁੱਕਦਿਆਂ,
ਸੰਗੀਨਾਂ ਲਈਆਂ ਉਠਾ ।
ਜਖਮੀ ਸ਼ੇਰਾਂ ਵਾਂਗੂ ਝਪਟਦੇ,
ਦਿੰਦੇ ਦੁਸ਼ਮਣ ਝੱਟ ਲਿਟਾ ।
ਜਿਹੜੇ ਕਹਿੰਦੇ ਹੱਥੀਂ ਫੜਾਂਗੇ,
ਹੋਏ ਢੇਰ ਸਿੰਘਾਂ ਕੋਲ ਜਾ ।।
ਆਖਿਰ ਸਿੰਘ ਸ਼ਹੀਦੀ ਪਾਕੇ,
ਗਏ ਕੌਮ ਦਾ ਨਾਂ ਰੁਸ਼ਨਾ ।
ਸਿੰਘਾਂ ਜੰਗ ਲੜੀ ਚਮਕੌਰ ਜੋ,
ਮੁੜ ਚੇਤੇ ਗਏ ਕਰਵਾ ।
ਉਹਨਾਂ ਫਰਜ ਲਈ ਜਿੰਦ ਵਾਰਕੇ।
ਦਿੱਤਾ ਇਤਿਹਾਸ ਰਚਾ ।
ਕਿੱਦਾਂ ਸਿੰਘ ਸਿਰੜ ਨਾਲ ਜੂਝਦੇ,
ਗਏ ਹਾਕਮ ਨੂੰ ਦਿਖਲਾ ।।
ਸਦਾ ਅਣਖ ਹਿੰਮਤ ਦੇ ਨਾਲ ਬਈ,
ਹੁੰਦਾ ਬੇਲੀ ਆਪ ਖੁਦਾ ।
ਤਾਹੀਓਂ ਸਾਰਾਗੜੀ ਦੀ ਜੰਗ ਨੂੰ,
ਅੱਜ ਦੁਨੀਆਂ ਰਹੀ ਏ ਗਾ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Friday, September 4, 2015

ਪੰਥ ਦੀ ਭਾਲ !!

ਪੰਥ ਦੀ ਭਾਲ !!
ਗੁਰੂ-ਉਪਦੇਸ਼ਾਂ ਉੱਤੇ ਗੱਲ ਜਿਹੜੀ ਢੁਕਦੀ ਨਾ,
ਰਲ਼ ਬਹਿਕੇ ਪੰਥ ਕਹਿੰਦੇ ਹੱਲ ਕੋਈ ਸੁਝਾਏਗਾ ।
ਪੰਥ ਕੋਲ ਅਜੇ ਕਿਸੇ ਮਸਲੇ ਲਈ ਸਮਾਂ ਹੈ ਨਹੀਂ,
ਪਾਧੇ ਨਾਲ ਬੈਠਕੇ ਇਹ ਸਮਾਂ ਕੋਈ ਕਢਾਏਗਾ ।
ਪੰਥ ਦੇ ਅੱਗੇ ਤੋਂ ਅੱਗੇ ਟੋਟੇ ਹੋਈ ਜਾਂਦੇ ਤੁਰੇ,
ਕਿਹੜਾ ਪੰਥ ਸਾਰਿਆਂ ਨੂੰ ਇੱਕ ਥਾਂ ਬਿਠਾਏਗਾ ।
ਨੌਂ ਮਣ ਤੇਲ ਜਦੋਂ ਹੋਇਆ ਨਾ ਇਕੱਠਾਂ ਐਥੇ,
ਦੱਸੋ ਕਿਹੜਾ,ਕਿੰਝ,ਕਿੱਥੇ ਰਾਧਾ ਨੂੰ ਨਚਾਏਗਾ ।
ਖੋਜੀ ਗੁਰਬਾਣੀ ਦਾ ਜੇ ਸੱਚ ਦੀ ਵਿਚਾਰ ਰੱਖੇ,
‘ਛੇਕੂ-ਸਨਮਾਨ” ਕਿਸੇ ਪੰਥ ਕੋਲੋਂ ਪਾਏਗਾ ।
ਨਾਨਕ ਨੌਵੇਂ ਨੂੰ ਦੇਖ ਜਿਹਨੇ ਸੀ ਕਿਵਾੜ ਭੇੜੇ,
ਨਾਨਕ ਦੇ ਸਿੱਖ ਨੂੰ ਉਹ ਕਿਵੇਂ ਵਡਿਆਏਗਾ ।
‘ਤੱਤ’ ਤੇ ‘ਬੰਦਈ’ ਵਾਲਾ ਪਿਆ ਜਦੋਂ ਰਫੜਾ ਸੀ,
ਆਖਦੇ ਸੀ ਪਰਚੀ ਨਾਲ ਪੰਥ ਤਰ ਆਏਗਾ ।
ਤਾਹੀਓਂ ਵੋਟ-ਪਰਚੀ ਦੇ ਪਿੱਛੇ ਪੰਥ ਲੁਕਿਆ ਜੋ,
ਲੈਕੇ ਬਹੁ-ਸੰਮਤੀ ਉਹ ਦਰਸ਼ ਦਿਖਾਏਗਾ ।
ਇਹੋ ਜਿਹੇ ਪੰਥ ਨੂੰ ਕੋਈ ਗੁਰੂ-ਪੰਥ ਕਿੰਝ ਆਖੂ,
ਗੁਰੂ ਦਾ ਸਿਧਾਂਤ ਜਿੱਥੇ ਨਜਰ ਨਾ ਆਏਗਾ ।
ਲੋਕੀਂ ਕਹਿੰਦੇ ਓਸ ਦੇ ਲਈ ਰੱਖ ਲਓ ਇਨਾਮ ਕੋਈ,
ਜਿਹੜਾ ਖੋਏ ਪੰਥ ਜੀ ਨੂੰ ਲੱਭਕੇ ਲਿਆਵੇਗਾ ।।

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

Friday, August 28, 2015

ਗਿਆਨ ਦੀ ਨ੍ਹੇਰੀ

ਗਿਆਨ ਦੀ ਨ੍ਹੇਰੀ !!
ਉਲਟੀ ਗੰਗਾ ਪਹੋਏ ਨੂੰ ਵਹਿਣ ਲੱਗੀ,
ਜੱਗ ਵਾਸੀ ਹੈਰਾਨ ਹੋ ਦੇਖਦੇ ਨੇ ।
ਅਨਪੜਾਂ ਦੇ ਘੜੇ ਹੋਏ ਡੇਰਿਆਂ ਤੇ,
ਪੜੇ-ਲਿਖੇ ਲੋਕੀਂ ਮੱਥੇ ਟੇਕਦੇ ਨੇ ।
ਸੱਚ ਧਰਮ ਤੇ ਗਿਆਨ ਦੇ ਰਲ਼ ਦੁਸ਼ਮਣ,
ਪੰਥ ਵਿੱਚੋਂ ਵਿਦਵਾਨਾ ਨੂੰ ਛੇਕਦੇ ਨੇ ।
ਜੱਗ ਜਾਣਦਾ ਲੋਕ ਗਲੀਲੀਓ ਨੂੰ,
ਸੱਚ ਬੋਲਣ ਤੇ ਅੱਗ ਵਿੱਚ ਸੇਕਦੇ ਨੇ ।।
ਜਿਵੇਂ ਰੋਸ਼ਨੀ ਚੱਲਕੇ ਸੂਰਜ ਕੋਲੋਂ,
ਸਦਾ ਬੱਦਲਾਂ ਪਿੱਛੇ ਨਹੀਂ ਛੁਪ ਸਕਦੀ ।
ਤਿਵੇਂ ਸਦੀਆਂ ਦੀ ਛਾਈ ਅਗਿਆਨਤਾ ਵੀ,
ਨ੍ਹੇਰੀ ਗਿਆਨ ਦੀ ਅੱਗੇ ਨਹੀਂ ਰੁਕ ਸਕਦੀ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Sunday, August 23, 2015

ਬਿਪਰੀ-ਜੜ

ਬਿਪਰੀ-ਜੜ !!
ਆਪਣੇ ਜੀਵਨ ਵਿੱਚੋਂ ਸੱਚ ਪ੍ਰਗਟਾ ਪਹਿਲਾਂ ।
ਮੱਤਾਂ ਦੇਵਣ ਨਾਲੋਂ ਖੁਦ ਅਪਣਾ ਪਹਿਲਾਂ ।।
ਜੇ ਨਾਨਕ ਦੀ ਮੁੜ ਪ੍ਰਤੀਤੀ ਪਾਉਣੀ ਹੈ,
ਬਿਪਰਨ ਦੀ ਹਰ ਰੀਤ ਨੂੰ ਮਾਰ ਮੁਕਾ ਪਹਿਲਾਂ ।
ਨਾਨਕ ਨਾਮ ਜਹਾਜ ਨਾਲ ਜੱਗ ਤਰਨੇ ਲਈ,
ਬਿਪਰਾਂ ਕੀਤਾ ਹਰ ਇੱਕ ਛੇਕ ਮਿਟਾ ਪਹਿਲਾਂ ।
ਜੀਵਨ ਦੇ ਹਰ ਖੇਤਰ ਵਿੱਚ ਜੋ ਬੈਠੀ ਹੈ,
ਐਸੀ ਬਿਪਰੀ-ਸੋਚ ਤੋਂ ਜਾਨ ਛੁਡਾ ਪਹਿਲਾਂ ।
ਮਜਹਬਾਂ ਵਾਲੀ ਨਕਲ ਮਾਰਨੀ ਛੱਡਕੇ ਤੂੰ,
ਸੱਚ-ਧਰਮ ਦਾ ਵੱਖਰਾਪਣ ਦਿਖਲਾ ਪਹਿਲਾਂ ।
ਗੱਲੀਂ ਬਾਤੀਂ ਤੇਜ ਗੁਰੂ ਦਾ ਮਿਲਣਾ ਨਾ,
ਗੁਰੂ ਸੁਝਾਇਆ ਨਿਆਰਾ ਤਾਂ ਬਣ ਜਾ ਪਹਿਲਾਂ ।
ਜੇਕਰ ਸਿੱਖਾ ਬਿਪਰ ਤੋਂ ਹੱਡ ਛਡਾਉਣੇ ਨੇ ,
ਮਨ ਵਿੱਚ ਵਸਦੇ ਬਿਪਰ ਨੂੰ ਫੜਕੇ ਢਾਹ ਪਹਿਲਾਂ ।
ਬਾਹਰੋਂ ਲੜਿਆਂ ਬਿਪਰ ਕਦੇ ਵੀ ਮੁੱਕਣਾ ਨਾ,
ਮਨ ਵਿੱਚ ਪੱਸਰੀ ਇਸਦੀ ਜੜ ਸੁਕਾ ਪਹਿਲਾਂ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Sunday, August 16, 2015

ਕਲਮ

ਕਲਮ !!
ਕਦੇ ਕੋਈ ਗੀਤ ਬਣਦੀ ਏ, ਕਦੇ ਤਕਰੀਰ ਬਣਦੀ ਏ,
ਕਦੇ ਹੱਕੀ ਸੰਘਰਸ਼ਾਂ ਦੀ ਕਲਮ ਤਕਦੀਰ ਬਣਦੀ ਏ ।
ਸਮੇਂ ਦੀ ਚਾਲ ਦੇ ਸਦਕੇ ਲੜਨ ਦੇ ਰੂਪ ਬਦਲੇ ਨੇ,
ਜੇਕਰ ਵਰਤਣੀ ਆਵੇ ਕਲਮ ਸ਼ਮਸ਼ੀਰ ਬਣਦੀ ਏ ।
ਭਾਵੇਂ ਕੁਝ ਲੋਕ ਲੜਦੇ ਨੇ, ਭਾਵੇਂ ਕੁਝ ਦੇਸ ਲੜਦੇ ਨੇ,
ਆਖਿਰ ਫੈਸਲਾ ਤਾਂ ਕਲਮ ਦੀ ਲਕੀਰ ਬਣਦੀ ਏ ।
ਰੋਮ ਜਲ ਰਿਹਾ ਹੋਵੇ ਤਾਂ ਨੀਰੋ ਬੰਸੁਰੀ ਚੁੱਕਦਾ,
ਉਹਦੀ ਤਰਜ ਕਿਸੇ ਕਲਮ ਦੀ ਤਾਸੀਰ ਬਣਦੀ ਏ ।
ਜਦੋਂ ਸੰਗੀਤ ਦੀ ਧੁਨ ਤੇ ਲਗਾਉਂਦਾ ਜੋਰ ਪਾਬੰਦੀਆਂ,
ਉਦੋਂ ਇਹ ਆਪ ਹੀ ਰਾਂਝਾ ਤੇ ਆਪੇ ਹੀਰ ਬਣਦੀ ਏ ।
ਜਦੋਂ ਕੋਈ ਆਣਕੇ ਬਾਬਰ ਸਮੇਂ ਦਾ ਬਣ ਜਾਏ ਜਾਬਰ,
ਉਦੋਂ ਕੋਈ ਕਲਮ ਹੀ ਮਜਲੂਮ ਦੇ ਲਈ ਧੀਰ ਬਣਦੀ ਏ ।
ਜਦੋਂ ਵੀ ਹੱਕ ਸੱਚ ਤੇ ਧਰਮ ਦਾ ਕਤਲਿਆਮ ਹੁੰਦਾ ਏ,
ਸੁੱਤੀ ਅਣਖ ਲਈ ਕੋਈ ਕਲਮ ਤਿੱਖਾ ਤੀਰ ਬਣਦੀ ਏ ।
ਸੱਚੀ ਕਲਮ ਤਾਂ ਅਕਸਰ ਜੋ ਸੱਚੀ ਬਾਤ ਪਾਉਂਦੀ ਏ,
ਸੰਘਰਸ਼ੀ ਉਥਲ-ਪੁਥਲ ਦੀ ਸੱਚੀ ਤਸਵੀਰ ਬਣਦੀ ਏ ।
ਇਕੱਲੇ ਜੋਸ਼ ਨੂੰ ਇਹ ਹੋਸ਼ ਦਾ ਰਸਤਾ ਦਿਖਾਉਂਦੀ ਏ,
ਢੇਰੀ ਢਾਉਣ ਵਾਲੇ ਲਈ ਕਲਮ ਤਦਬੀਰ ਬਣਦੀ ਏ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Saturday, August 8, 2015

ਚੋਣ!!

ਚੋਣ !!
ਬਾਬੇ ਨਾਨਕ ਜਾਨਸ਼ੀਨ ਕਿੰਝ ਚੁਣਿਆਂ ਸੀ,
ਬਾਕੀ ਗੁਰੂਆਂ ਨੀਤੀ ਓਹੀਓ ਧਾਰੀ ਸੀ ।
ਦਸਵੇਂ ਨਾਨਕ ਪੰਜ ਸਿੰਘਾਂ ਨੂੰ ਚੁਣਨ ਸਮੇ,
ਸਿਰ ਦੇਵਣ ਦੀ ਵਾਜ ਸੰਗਤ ਵਿੱਚ ਮਾਰੀ ਸੀ ।
ਜੱਥੇਦਾਰਾਂ ਜਰਨੈਲਾਂ ਦੀ ਚੋਣ ਸਮੇ,
ਸਿੱਖਾਂ ਦੀ ਹਰ ਯੋਗਤਾ ਗਈ ਵਿਚਾਰੀ ਸੀ ।
ਬਹੁ-ਸੰਮਤੀ ਤੋਂ ਸਰਬ-ਸੰਮਤੀ ਉੱਪਰ ਸੀ ,
ਗੁਣਾ ਦਾ ਪਲੜਾ ਗਿਣਤੀ ਨਾਲੋਂ ਭਾਰੀ ਸੀ ।
ਵਿਚਾਰਧਾਰਾ ਪ੍ਰਧਾਨ ਸਦਾ ਸੀ ਨਿੱਜ ਨਾਲੋਂ,
ਤਾਹੀਓਂ ਪੰਚ-ਪ੍ਰਧਾਨੀ ਗਈ ਸਤਿਕਾਰੀ ਸੀ ।
ਲੋਕ-ਤੰਤਰ ਤੇ ਸਿੱਖੀ ਵਿਚਲਾ ਫਰਕ ਇਹੋ,
ਸਿਰਾਂ ਦੀ ਗਿਣਤੀ ਨਾਲੋਂ ਬੁੱਧ ਸਵਿਕਾਰੀ ਸੀ ।
ਹਰ ਅਹੁਦਾ ਸੰਗਤ ਤੋਂ ਰਹਿੰਦਾ ਛੋਟਾ ਸੀ,
 ਸੇਵਾ ਵੀ ਨਿਸ਼ਕਾਮੀ, ਪਰ-ਉਪਕਾਰੀ ਸੀ ।
ਸਹਿਣਸ਼ੀਲਤਾ, ਮਿੱਠਤ ਅਤੇ ਨਿਮਰਤਾ ਸੀ,
ਅੱਜ ਵਾਂਗੂ ਨਾ ਅਹੁਦਾ ਕੋਈ ਹੰਕਾਰੀ ਸੀ ।
ਨਿੱਜ ਨੂੰ ਛੱਡਕੇ ਭਲਾ ਜਗਤ ਦਾ ਮੰਗਦੀ ਜੋ ,
ਗੁਰਮਤਿ ਬਖਸ਼ੀ ਨੀਤੀ ਬਹੁਤ ਪਿਆਰੀ ਸੀ ।
ਜਦ ਤੋਂ ਸਿੱਖਾਂ ਗੁਰਮਤਿ-ਜੁਗਤੀ ਛੱਡੀ ਹੈ,
ਤਦ ਤੋਂ ਹੋਈ ਸ਼ੁਰੂ ਖੱਜਲ ਤੇ ਖੁਆਰੀ ਸੀ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Saturday, July 11, 2015

ਵਿਵੇਕ ਦੀ ਵਿਵੇਕਤਾ

ਵਿਵੇਕ ਦੀ ਵਿਵੇਕਤਾ
ਨਾਂਮ ਵੀ ‘ਵਿਵੇਕ’ ਸੀ ਤੇ ਸੀ ਵੀ ਵਿਵੇਕਸ਼ੀਲ,
ਨਿੱਕੀ ਜਿਹੀ ਫੇਰੀ ਸਾਡੀ ਧਰਤੀ ਤੇ ਲਾ ਗਿਆ ।
ਇੰਡੀਆ ਦੇ ਵਿੱਚੋਂ ਇਸ ਯਾਤਰਾ ਨੂੰ ਸ਼ੁਰੂ ਕਰ,
ਦੂਜੇ ਸਿਰੇ ਆਕੇ ਉਹ ਕਨੇਡਾ ‘ਚ ਮੁਕਾ ਗਿਆ ।
ਚੜ੍ਹਦੀ ਜੁਆਨੀ ਵਿੱਚ ਅੰਗ ਦਾਨ ਕਰ ਉਹਤਾਂ,
ਜਿੰਦਗੀ ਦੇ ਨਾਲ ਸੱਚਾ ਇਸ਼ਕ ਨਿਭਾ ਗਿਆ ।
ਦਾਨ ਕਿਤੇ ਅੰਗ ਮੁੜ ਜਿੰਦਗੀ ਨੂੰ ਜੀਂਵਦੇ ਨੇ,
ਜਾਂਦਾ-ਜਾਂਦਾ ਕਈਆਂ ਵਿੱਚ ਜਿੰਦਗੀ ਜਿਵਾ ਗਿਆ ।
ਉਪਦੇਸ਼ ਦੇਣ ਨਾਲੋਂ ਜਿੰਦਗੀ ‘ਚ ਧਾਰਕੇ ਉਹ,
ਜਾਗਰੂਪ ਲੋਕਾਂ ‘ਚ ਮਿਸਾਲ ਬਣ ਛਾ ਗਿਆ ।
ਭਾਵੇਂ ਇਹ ਵੀ ਸੱਚ ਹੈ ਕਿ ਜਾਣ ਵਾਲਾ ਚਲਾ ਗਿਆ,
ਪਰ ਇਹ ਵੀ ਸੱਚ ਕਈਆਂ ਜੀਵਾਂ ‘ਚ ਸਮਾ ਗਿਆ ।
ਹਸੂਂ-ਹਸੂਂ ਕਰਦਾ ਸੁਭਾਵੋਂ ਮਿੱਠ-ਬੋਲੜਾ ਸੀ,
ਸੁਣਿਆਂ ਮੈਂ ਲੋਕੀਂ ਕਹਿੰਦੇ ਰੱਬ ਜੀ ਨੂੰ ਭਾ ਗਿਆ ।
ਉਮਰਾਂ ਦੇ ਨਾਲ ਕੋਈ ਵੱਡਾ ਕਦੇ ਹੋਂਵਦਾ ਨਾ,
ਨਿੱਕੀ ਜਿਹੀ ਉਮਰੇ ਉਹ ਸਾਨੂੰ ਸਮਝਾ ਗਿਆ ।
ਮੈਂ ਮੇਰੀ ਛੱਡਕੇ ਮਨੁੱਖਤਾ ਲਈ ਜੂਝਣੇ ਲਈ,
ਬਣਕੇ ਪ੍ਰੇਰਨਾ ਉਹ ਰਾਹ ਰੁਸ਼ਨਾ ਗਿਆ ।
ਇੱਕ ਨਹੀਂ ਕਈ ਉਹ ਕਲਾਵਾਂ ਦਾ ਸੁਮੇਲ ਹੈਸੀ,
ਹੋਣ ਲਈ ਅਮਰ ਨਵੀਂ ਕਲਾ ਸਿਖਲਾ ਗਿਆ ।

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ