Sunday, June 14, 2015

ਗੁਲਾਮੀ

ਗੁਲਾਮੀ
ਜੇਲ ਬਦਲਕੇ ਆਏ ਹੋਏ ਉਸ ਵੀਰ ਦੀ ।
ਕਰੀਏ ਗੱਲ ਜਦ ‘ਭੁੱਲਰ’ ਦੀ ਤਸਵੀਰ ਦੀ ।।
ਉਸਦੀ ਗੁੰਮ-ਸੁੰਮ ਫੋਟੋ ਨੂੰ ਤੱਕ ਲਗਦਾ ਹੈ,
ਗੂੜ ਸਮਾਧੀ ਕੁਦਰਤ ਨਾਲ ਫਕੀਰ ਦੀ ।।
ਉਸਦੀ ਫੋਟੋ ਦੇ ਵਿੱਚ ਫੋਟੋ ਦਿਸਦੀ ਹੈ,
ਨਿੱਤ ਮੁਹਿੰਮਾਂ ਝੇਲ ਰਹੀ ਤਕਦੀਰ ਦੀ ।।
ਬੇ-ਦੋਸ਼ੇ ਨੇ ਲੱਖ ਤਸੀਹੇ ਝੱਲੇ ਨੇ,
ਗੁੜਤੀ ਏ ਗੁਰੂ ਅਰਜਨ ਦੀ ਤਾਸੀਰ ਦੀ ।।
ਇਸ਼ਕ ਅਣਖ ਦੇ ਰਸਤੇ ਨੂੰ ਪਰਵਾਹ ਨਾਹੀਂ,
ਸ਼ੁਕਨੀ-ਕੈਦੋਂ-ਬਿੱਟੇ ਜਿਹੇ ਲੰਗੜੀਰ ਦੀ ।।
ਬੇ-ਦੋਸ਼ੇ ਨੇ ਲੱਖਾਂ ਜਿੱਥੇ ਜੇਲਾਂ ਵਿੱਚ,
ਕਰੀਏ ਗੱਲ ਕੀ ਹਾਕਮ ਦੀ ਜਮੀਰ ਦੀ ।।
ਹੱਕ-ਸੱਚ-ਇੰਨਸਾਫ ਸਦਾ ਲਈ ਦਬਦੇ ਨਾ,
ਟੁਟਣੀ ਆਖਿਰ ਝੂਠ ਕੜੀ ਜੰਜੀਰ ਦੀ ।।

Monday, May 25, 2015

ਰੱਬ ਦੀ ਪ੍ਰਾਪਤੀ

ਰੱਬ ਦੀ ਪ੍ਰਾਪਤੀ !!
‘ਪੁਰਖ’ ‘ਅਜੂਨੀ’ ਗੁਰੂਆਂ ਜੋ ਸਮਝਾਇਆ ਹੈ ।
ਸਾਡੀ ਐਨਕ ਦੇ ਉਹ ਫਿੱਟ ਨਹੀਂ ਆਇਆ ਹੈ ।।
ਕਈ ਵਾਰੀ ਇਹ ਜਗਤ-ਪਸਾਰਾ ਪੱਸਰਿਆ,
ਕਈ ਵਾਰੀ ਉਸ ਆਪੇ ਖੁਦ ਨੂੰ ਢਾਇਆ ਹੈ ।।
ਆਪਣੇ ਆਪ ਨੂੰ ਆਪੇ ਹੀ ਜੋ ਸਾਜ ਰਿਹਾ,
ਬਾਬੇ ਉਸਨੂੰ ‘ਸੈਭੰ’ ਕਹਿ ਪ੍ਰਗਟਾਇਆ ਹੈ ।।
ਕਰਤੇ ਬਾਝ ਨਾ ਕਿਰਤ, ਕਿਰਤ ਬਿਨ ਕਰਤਾ ਨਾ,
ਗੁਰਬਾਣੀ ਨੇ ਏਹੀ ਰੂਪ ਸੁਝਾਇਆ ਹੈ ।।
ਜ਼ਰੇ ਜ਼ਰੇ ਵਿੱਚ ਓਸੇ ਦਾ ਹੀ ਜਲਵਾ ਹੈ,
ਜਿੱਧਰ ਦੇਖੋ ਓਸੇ ਦੀ ਹੀ ਛਾਇਆ ਹੈ ।।
ਗਿਆਨ ਓਸ ਦੀ ਥਾਹ ਤੋਂ ਪਿੱਛੇ ਰਹਿੰਦਾ ਹੈ,
‘ਨਾਨਕ’ ਜਿਸਨੂੰ ‘ਬੇਅੰਤ’  ਫੁਰਮਾਇਆ ਹੈ ।।
ਜਿਸਨੇ ਜੀਵਨ ਵਿੱਚ ਉਸਨੂੰ ਪਹਿਚਾਣ ਲਿਆ,
ਉਸਦੀ ਕਿਰਤ, ਸੁਕਿਰਤ ਦਾ ਰੂਪ ਵਟਾਇਆ ਹੈ ।।
ਉਸਦੇ ਜੱਗਤ ਦੀ ਸੇਵਾ ਉਸਦੀ ਪੂਜਾ ਹੈ,
ਖਲਕਤ ਦੇ ਖੁਸ਼ ਹੁੰਦਿਆਂ ਉਹ ਮੁਸਕਾਇਆ ਹੈ ।।
ਬੰਦਿਆਂ ਆਪਣੇ ਵਾਂਗੂ ਆਪਣੇ ਖਿਆਲਾਂ ਵਿੱਚ,
ਰੱਬ ਨੂੰ ਵੀ ਵਡਿਆਈ-ਖੋਰ ਜਤਾਇਆ ਹੈ ।।
ਆਪਣੇ ਹੀ ਗੁਣ ਸੁਣਕੇ ਉਹ ਖੁਸ਼ ਹੁੰਦਾ ਹੈ,
ਏਦਾਂ ਕਹਿਕੇ ਸਭ ਨੂੰ ਭੇਡ ਬਣਾਇਆ ਹੈ ।।
ਛੱਡ ਆਡੰਬਰੀ ਪੂਜਾ ਰਜਾ ‘ਚ ਰਹਿੰਦਾ ਜੋ,
ਓਸ ਪੁਜਾਰੀ ਤੋਂ ਨਾਸਤਕ ਅਖਵਾਇਆ ਹੈ ।।
ਗੈਰ-ਕੁਦਰਤੀ ਆਸਾਂ ਤੱਕਣ ਵਾਲੇ ਨੇ,
ਆਪਣੇ ਆਸਤਕ ਹੋਣ ਦਾ ਝੰਡਾ ਲਾਇਆ ਹੈ ।।
ਆਸਤਕ-ਨਾਸਤਕ ਸਭਨਾਂ ਵਿੱਚ ਉਹ ਰਮਿਆਂ ਹੈ,
ਉਸਦੇ ਲਈ ਨਾ ਜੱਗ ਤੇ ਕੋਈ ਪਰਾਇਆ ਹੈ ।।
ਰੱਬ ਅੱਖਾਂ ਨਾਲ ਦੇਖਣ ਦੀ ਕੋਈ ਚੀਜ ਨਹੀਂ,
ਜਿਸਨੇ ਵੀ ਮਹਿਸੂਸਿਆ ਸਮਝੋ ਪਾਇਆ ਹੈ ।।।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Friday, May 8, 2015

ਅਜੋਕਾ ਪੰਜਾਬ

ਸਵਾਰੀ ਆਪਣੀ ਇੱਜਤ ਦੀ ਆਪ ਜਿਮੇਵਾਰ ਏ !
“ਗੁਰੂਆਂ ਦੇ ਨਾਂ ਤੇ ਵਸਦਾ ਹੈ”,
ਕਵੀਆਂ ਦਾ ਇਹ ਵਿਚਾਰ ਏ ।
ਸੁਣਿਆ ਸੀ ਹਰ ਹਮਲਾਵਰ ਲਈ,
ਰਿਹਾ ਬਣਦਾ ਇਹ ਤਲਵਾਰ ਏ ।।
ਗੈਰਾਂ ਦੀ ਇੱਜਤ ਖਾਤਿਰ ਵੀ,
ਸੀ ਸੀਸ ਤਲੀ ਤੇ ਧਰ ਲੈਂਦਾ ।
ਅੱਜ ਘਰ ਦੀ ਇਜੱਤ ਰਾਖੀ ਲਈ,
ਇਹ ਹੋਇਆ ਪਿਆ ਲਾਚਾਰ ਏ ।।
ਕਦੇ ਉੱਚ ਕਿਰਦਾਰ ਦੀ ਖਾਤਿਰ ਇਹ,
ਜੀਵਨ ਦੀ ਬਾਜੀ ਲਾਉਂਦਾ ਸੀ,
ਅੱਜ ਜੀਵਨ ਦੇ ਆਦਰਸ਼ਾਂ ਨੂੰ
 ਨਸ਼ਿਆਂ ਤੋਂ ਦਿੱਤਾ ਵਾਰ ਏ ।।
ਹਵਸਾਂ ਦੀ ਲਤ ਨੂੰ ਪੂਰਨ ਲਈ,
ਚੋਰੀ ਤੇ ਸੀਨਾ-ਜੋਰੀ ਨੇ ।
ਕੋਈ ਬੰਦਾ ਵੀ ਮਹਿਫੂਜ ਨਹੀਂ,
ਅੱਜਕਲ ਇਹ ਬਹੁਤ ਬਿਮਾਰ ਏ ।।
ਅਬਦਾਲੀ ਤੋਂ ਛੁਡਵਾਉਂਦਾ ਸੀ ।
ਅੱਜ ਖੁਦ ਅਬਦਾਲੀ ਬਣਿਆਂ ਏ,
ਕਿੰਝ ਤੱਕੀਏ ਮੱਸੇ ਰੰਘੜ ਲਈ,
ਕੋਈ ‘ਸੁੱਖਾ’ ਫੇਰ ਤਿਆਰ ਏ ।।
ਇਹਨੂੰ ਗੁਰੂਆਂ ਨੇ ਉਪਦੇਸ਼ ਦਿੱਤੇ,
ਜੀਵਨ ਨੂੰ ਸਵਰਗ ਬਨਾਵਣ ਦੇ ।
ਇਸ ਗਿਆਨ ਸੇਲ ਤੇ ਲਾ ਦਿੱਤਾ,
ਖੁਦ ਮੰਨਣ ਤੋਂ ਇਨਕਾਰ ਏ ।।
ਭਾਵੇਂ ਬੱਸਾਂ ਅੰਦਰ ਲਿਖਿਆ ਨਹੀਂ,
ਪਰ ਤਾਂ ਵੀ ਇੰਝ ਹੀ ਲਗਦਾ ਹੈ ।
“ਹੁਣ ਸਵਾਰੀ ਆਪਣੀ ਇੱਜਤ ਦੀ,
ਖੁਦ ਆਪੇ ਜਿਮੇਵਾਰ ਏ” ।।।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Friday, May 1, 2015

Sunday, April 26, 2015

ਦੋ ਮੱਛੀਆਂ ਦਾ ਸੰਵਾਦ

ਦੋ ਮੱਛੀਆਂ ਦਾ ਸੰਵਾਦ !!
ਮੱਛੀ ਆਖੇ ਸਮੁੰਦਰ ਵਿੱਚ ਦੂਈ ਤਾਈਂ,
ਕਦੇ ਮੈਨੂੰ ਸਮੁੰਦਰ ਦਿਖਾ ਅੜੀਏ ।
ਮੈ ਤਾਂ ਸੁਣਿਆਂ ਹੈ ਉਹ ਹੈ ਬਹੁਤ ਵੱਡਾ,
ਕਦੇ ਓਸਦੇ ਦਰਸ਼ਣ ਕਰਵਾ ਅੜੀਏ ।
ਮੱਛੀਆਂ ਦੱਸਣ ਵਜੂਦ ਨਾ ਬਾਝ ਜਿਸਤੋਂ,
ਐਸੇ ਰੱਬ ਨੂੰ ਮੈਨੂੰ ਮਿਲਵਾ ਅੜੀਏ ।
ਜਿੰਨੀ ਕਹੇਂਗੀ ਕਰੂੰ ਮੈਂ ਪਾਠ ਪੂਜਾ,
ਕੋਈ ਮੰਤਰ ਵੀ ਦੇ ਸਮਝਾ ਅੜੀਏ ।।
ਦੂਜੀ ਮੱਛੀ ਨੇ ਆਖਿਆ ਪਹਿਲੀ ਤਾਈਂ,
ਐਸੀ ਸੋਚ ਨੂੰ ਦਿਲੋਂ ਹਟਾ ਅੜੀਏ ।
ਕਾਹਤੋਂ ਬੰਦਿਆਂ ਵਾਂਗ ਹੀ ਤੂੰ ਰੱਖੇਂ,
‘ਬੰਦਾ ਮਾਰਕਾ ਰੱਬ’ ਦੀ ਚਾਹ ਅੜੀਏ ।
ਜਿਹਨੂੰ ਭਾਲੇਂ ਤੂੰ ਉਸੇ ਦੇ ਵਿੱਚ ਵਿਚਰੇਂ,
ਸੋਚ ਆਪਣੀ ਜਰਾ ਘੁਮਾਅ ਅੜੀਏ ।
ਐਵੇਂ ਬੰਦਿਆਂ ਵਾਂਗ ਤੂੰ ਸੋਚਕੇ ਤੇ,
ਭਰਮਾ ਵਿੱਚ ਨਾ ਜੀਵਨ ਲੰਘਾਅ ਅੜੀਏ ।।।।
ਡਾ ਗੁਰਮੀਤ ਸਿੰਘ :ਬਰਸਾਲ” ਕੈਲੇਫੋਰਨੀਆਂ


Sunday, April 19, 2015