Sunday, November 30, 2014
Tuesday, November 18, 2014
ਵਿਪਰੀ-ਚਾਲ !!
ਬਿਪਰ ਨਾਲ ਜਦ ਬਾਬੇ ਮੱਥਾ ਲਾਇਆ ਸੀ ।
ਓਦੋਂ ਦਾ ਹੀ ਫਿਰਦਾ ਉਹ ਘਬਰਾਇਆ ਸੀ ।।
ਝੂਠ ਓਸਦਾ ਬਾਬੇ ਜਾਹਰ ਕੀਤਾ ਸੀ,
ਤਾਹੀਓਂ ਸੱਚ ਦੇ ਖੂਨ ਦਾ ਉਹ ਤ੍ਰਿਹਾਇਆ ਸੀ ।।
ਕਰਮ-ਕਾਂਢ, ਵਹਿਮਾਂ ਤੇ ਅੰਧ-ਵਿਸ਼ਵਾਸਾਂ ਨੂੰ,
ਬਾਬੇ ਸੱਚ ਦੀ ਤੇਗ ਨਾਲ ਝਟਕਾਇਆ ਸੀ ।।
ਚਿੰਨਾਂ ਦੇ ਨਾਲ ਜਿਹੜੇ ਧਰਮ ਜਣਾਉਂਦੇ ਸੀ ,
ਸਾਰੇ ਜੱਗ ਦੇ ਸਾਹਵੇਂ ਉਹ ਝੁਠਲਾਇਆ ਸੀ ।।
ਕੁਦਰਤ ਦੇ ਨਿਯਮਾਂ ਨਾਲ ਜਿਹੜੇ ਖਹਿੰਦੇ ਨੇ,
ਹੁੰਦੇ ਝੂਠ ਮਕਾਰ ਬਾਬੇ ਫਰਮਾਇਆ ਸੀ ।।
ਸੱਚ ਦੇ ਸਾਹਵੇਂ ਬਿਪਰ ਕਦੇ ਟਿਕ ਸਕਿਆ ਨਾ,
ਗੈਰ ਕੁਦਰਤੀ ਕਰਿਸ਼ਮਿਆਂ ਦਾ ਭਰਮਾਇਆ ਸੀ ।।
ਨਾਨਕ-ਸੋਚ ਮੁਕਾਉਣ ਵਾਲੀਆਂ ਚਾਲਾਂ ਚੱਲ,
ਉਸਨੇ ਆਪਣਾ ਸਾਰਾ ਤਾਣ ਲਗਾਇਆ ਸੀ ।।
ਜਾਤ ਬੰਦੇ ਦੀ ਵੰਡਕੇ ਅੱਗੋਂ ਜਾਤਾ ਵਿੱਚ,
ਖੁਦ ਨੂੰ ਉੱਤਮ ਜਾਤ ਉਹਨੇ ਸਦਵਾਇਆ ਸੀ ।।
ਮੱਲੋ-ਮੱਲੀ ਰੱਬ ਦਾ ਖੈਰ-ਖੁਆਹ ਬਣਿਆ,
ਲੋਕਾਂ ਡਰਕੇ ਸਿਰਤੇ ਬਹੁਤ ਚੜ੍ਹਾਇਆ ਸੀ ।।
ਘੜ-ਘੜ ਕੇ ਮਿਥਿਹਾਸ ਆਪਣੀ ਹੋਂਦ ਲਈ,
ਲੁੱਟ-ਲੁੱਟ ਕਿਰਤੀ ਵਰਗ ਬੜਾ ਤੜਫਾਇਆ ਸੀ ।।
ਅਗਲੇ-ਪਿਛਲੇ ਜਨਮਾਂ ਵਾਲਾ ਡਰ ਦੇਕੇ,
"ਅੱਜ",ਓਸਨੇ ਕਿਰਤੀ ਦਾ ਹਥਿਆਇਆ ਸੀ ।।
ਲੱਖ ਕੋਸ਼ਿਸ਼ ਦੇ ਨਾਲ ਸਫਲ ਨਾ ਹੋਇਆ ਜਦ,
ਸਿੱਖ ਅੰਦਰ ਉਸ ਆਣ ਚਾਂਉਕੜਾ ਲਾਇਆ ਸੀ ।।
ਲੋਕੀਂ ਉਸਤੋਂ ਬਾਹਰੋਂ ਲੁਕਦੇ ਫਿਰਦੇ ਨੇ,
ਅੰਦਰ ਉਹ ਤਾਂ ਬਣ ਬੈਠਾ ਹਮ-ਸਾਇਆ ਸੀ ।।
ਜਦ ਜਦ ਸਿੱਖ ਨੇ ਬਾਹਰ ਨੂੰ ਮੂੰਹ ਕੀਤਾ ਸੀ,
ਅੰਦਰ ਬੈਠਾ ਬਿਪਰ ਸਦਾ ਮੁਸਕਾਇਆ ਸੀ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)
Monday, November 3, 2014
Wednesday, October 22, 2014
ਗਿਆਨ-ਅਮ੍ਰਿਤ !!
ਅੰਮ੍ਰਿਤ ਖਾਓ, ਅੰਮ੍ਰਿਤ ਪੀਓ,
ਅੰਮ੍ਰਿਤ ਨੂੰ ਹੀ ਧਾਰੋ ।
ਅੰਮ੍ਰਿਤ ਸੁਣਕੇ ਅੰਮ੍ਰਿਤ ਬੋਲੋ,
ਅੰਮ੍ਰਿਤ ਬੈਠ ਵਿਚਾਰੋ ।।
ਹਰ ਪਲ ਅੰਮ੍ਰਿਤ ਪੀਕੇ ਸੱਜਣੋ,
ਅੰਮ੍ਰਿਤ ਹੀ ਬਣ ਜਾਓ ।
ਬਾਣੀ ਅੰਮ੍ਰਿਤ ਦੇ ਨਾਲ ਰੱਜਕੇ,
ਮਿੱਠੇ ਬਚਨ ਉਚਾਰੋ ।।
ਗੁਰਬਾਣੀ ਵਿੱਚ ਅੰਮ੍ਰਿਤ ਸਾਰੇ,
ਗੁਰਬਾਣੀ ਹੀ ਕਹਿੰਦੀ ।
ਹਰ ਇੱਕ ਸ਼ਬਦ ਅੰਮ੍ਰਿਤ ਦਾ ਚਸ਼ਮਾ,
ਪੀ ਕੇ ਅੰਦਰ ਠਾਰੋ ।।
ਜਿਸ ਮੁੱਖ ਅੰਦਰ ਅਮ੍ਰਿਤ ਹੁੰਦਾ,
ਅੰਮ੍ਰਿਤ ਹੀ ਹੈ ਝਰਦਾ ।
ਅੰਮ੍ਰਿਤ ਦੇ ਵਿਓਪਾਰੀ ਬਣਕੇ,
ਅੰਮ੍ਰਿਤ ਹੀ ਪਰਚਾਰੋ ।।
ਦੋ ਘੁੱਟ ਪੀਕੇ ਜਿੰਦਾ ਹੋਵਣ,
ਮਰੀਆਂ ਹੋਈਆਂ ਜਮੀਰਾਂ ।
ਐਸੇ ਨਾਮ ਅੰਮ੍ਰਿਤ ਦੀਆਂ ਕੁੰਢਾਂ,
ਸੰਗਤ ਵਿੱਚ ਉਸਾਰੋ ।।
ਮੁੱਖੋਂ ਅੰਮ੍ਰਿਤ,ਦ੍ਰਿਸ਼ਟੀ ਅੰਮ੍ਰਿਤ,
ਕਿਰਤੋਂ ਅੰਮ੍ਰਿਤ ਬਰਸੇ ।
ਗੁਰੂ-ਗਿਆਨ ਦਾ ਅੰਮ੍ਰਿਤ ਲੈਕੇ,
ਸਭ ਤੇ ਛਿੱਟੇ ਮਾਰੋ ।।
ਡਾ ਗੁਰਮੀਤ ਸਿੰਘ ਬਰਸਾਲ (ਸੈਨਹੋਜੇ)
Wednesday, October 15, 2014
ਗੁਰ!!
ਗੁਰ!!
ਕੈਸੀ ਅਜਬ ਕਹਾਣੀ ਹੋ ਗਈ ।
ਕੁਦਰਤ ਰੱਬ ਸਮਾਣੀ ਹੋ ਗਈ ।।
ਕਰਤਾ ਪੁਰਖ ਸੈਭੰ ਨੂੰ ਖੋਜਿਆਂ ,
ਕਿਰਤ ਕਾਦਰ ਦੀ ਹਾਣੀ ਹੋ ਗਈ ।।
ਰਾਮ ਜਗਤ ਵਿੱਚ ਰਮਿਆਂ ਏਦਾਂ,
ਜਾਪੇ ਰੂਪ-ਵਟਾਣੀ ਹੋ ਗਈ ।।
ਇੱਕ ਤੋਂ ਜਦੋਂ ਅਨੇਕ ਸੀ ਹੋਇਆ,
ਵਸਦੀ ਕੁਦਰਤ ਰਾਣੀ ਹੋ ਗਈ ।।
ਮੁੜਕੇ ਵਿੱਚ ਸਮਾਵਣ ਵੇਲੇ,
ਕਿਰਤ ਭਾਵੇਂ ਅਣਜਾਣੀ ਹੋ ਗਈ ।
ਸੱਤਗੁਰ ਸੱਚ ਦਾ ਗਿਆਨ ਹੋ ਗਿਆ,
ਧਰਮ ਸੱਚ ਦੀ ਬਾਣੀ ਹੋ ਗਈ ।।
ਖਾਲਕ ਨੂੰ ਖਲਕਤ ਵਿੱਚ ਤੱਕਿਆਂ,
ਸ਼ਕਲ ਜਾਣੀ ਪਹਿਚਾਣੀ ਹੋ ਗਈ ।
ਜੀਵਨ ਅੱਗੇ ਵਧਦਾ ਜਾਵੇ,
ਸੁਰਤੀ ਆਵਣ ਜਾਣੀ ਹੋ ਗਈ ।।
ਨਾਨਕ ਵਾਲੇ ਗੁਰ ਦੇ ਅੱਗੇ,
ਮਜ਼ਹਬੀ ਸੋਚ ਪੁਰਾਣੀ ਹੋ ਗਈ ।।
ਨਾਨਕ ਵੀ ਗੁਰ-ਨਾਨਕ ਹੋ ਗਿਆ,
ਬਾਣੀ ਵੀ ਗੁਰ-ਬਾਣੀ ਹੋ ਗਈ ।।।।
ਡਾ ਗੁਰਮੀਤ
ਸਿੰਘ ਬਰਸਾਲ (ਕੈਲੇਫੋਰਨੀਆਂ)
Monday, October 6, 2014
ਗੁਰਬਾਣੀ ਸ਼ਕਤੀ !!
ਦਸਵੇਂ ਗੁਰਾਂ ਨੇ ਜਿਹਨੂੰ ਗੁਰੂ ਸੀ ਬਣਾਇਆ ਸਾਡਾ,
ੳਹੀ ਬਾਣੀ ਅੱਜ ਗੁਰਬਾਣੀ ਅਖਵਾਉਂਦੀ ਹੈ ।
ਖਾਲਸੇ ਦਾ ਪੂਰਾ ਗੁਰੂ ਬਣੀ ਗੁਰਬਾਣੀ ਇਹੋ,
ਇਹੋ ਗੁਰਬਾਣੀ ਰਹਿਤ ਸਿੱਖ ਦੀ ਕਹਾਉਂਦੀ ਹੈ ।।
ਮਨੁੱਖਤਾ ਦੇ ਨਾਲ ਹੀ ਇਹ ਦੁੱਖ-ਸੁੱਖ ਬਣਦੇ ਨੇ,
ਨਰਕ-ਸਵਰਗ ਵੀ ਏਥੇ ਦਰਸਾਉਂਦੀ ਹੈ ।
ਅਗਲਿਆਂ-ਪਿਛਲਿਆਂ ਜਨਮਾਂ ਦਾ ਡਰ ਕੱਢ,
ਬਾਕੀ ਬਚੀ ਜਿੰਦਗੀ ਸਵਾਰਨਾ ਸਿਖਾਉਂਦੀ ਹੈ ।।
ਮਜ਼ਹਬਾਂ ਨੇ ਜਿਹੜਾ ਰੱਬ ਅਸਮਾਨੀ ਚਾਹੜਿਆ ਸੀ,
ਗੁਰਬਾਣੀ ਜ਼ਰੇ-ਜ਼ਰੇ ਵਿੱਚੋਂ ਪ੍ਰਗਟਾਉਂਦੀ ਹੈ ।
ਭੋਲੇ ਸ਼ਰਧਾਲੂਆਂ ਦੀ ਲੁੱਟ ਲਈ ਪੁਜਾਰੀਆਂ ਦੇ,
ਵੱਲੋਂ ਮਾਰੇ ਸੰਗਲ ਤੇ ਜੰਦਰੇ ਤੜਾਉਂਦੀ ਹੈ ।।
ਡਰ ਅਤੇ ਲਾਲਚਾਂ ਲਈ ਕਰੀ ਜਾਂਦੀ ਪੂਜਾ ਛੱਡ,
ਰੱਬ ਨਾਲ ਬੰਦੇ ਦੀ ਮੁਹੱਬਤ ਨਿਭਾਉਂਦੀ ਹੈ ।
ਧਰਮ ਦੇ ਨਾਂ ਤੇ ਜਿਹਨੂੰ ਲੁੱਟ ਕੋਈ ਸਕਦਾ ਨਾ,
ਬੰਦੇ ਨੂੰ ਵਿਵੇਕ-ਸ਼ੀਲ ਬਾਣੀ ਹੀ ਬਣਾਉਂਦੀ ਹੈ ।।
ਗੁਰਬਾਣੀ ਕਦੇ ਖੋਜ-ਕਾਰਜਾਂ ਵਿਰੁੱਧ ਨਾਹੀਂ,
ਗਿਆਨ-ਵਿਗਿਆਨ ਨੂੰ ਇਹ ਰਸਤੇ ਦਿਖਾਉਂਦੀ ਹੈ ।
ਜੋ ਵੀ ਗੁਰਬਾਣੀ ਨੂੰ ਸਮਝ ਨਾਲ ਪੜ੍ਹਦਾ ਹੈ ,
ਗੁਰਬਾਣੀ ਉਹਨੂੰ ਸਦਾ ਸੱਚ ਦ੍ਰਿੜਾਉਂਦੀ ਹੈ ।।
ਸੁਰ-ਨਰ-ਮੁਨ-ਜਨ ਖੋਜਦੇ ਨੇ ਜਿਹਨੂੰ ਸਾਰੇ,
ਅਮ੍ਰਿਤ ਹਰ ਪਲ ਬੰਦੇ ਨੂੰ ਛਕਾਉਂਦੀ ਹੈ ।
ਸਿੱਖੀ ਦਾ ਅਸੂਲ ਪਹਿਲਾ ਕਰਨੀ ਕਿਰਤ ਹੁੰਦੀ,
ਕਿਰਤ ਨੂੰ ਸੁਕਿਰਤ ਵਿੱਚ ਬਾਣੀ ਹੀ ਵਟਾਉਂਦੀ ਹੈ ।।
ਜਿਸਦੇ ਦਿਮਾਗ ਵਿੱਚ ਵੱਸ ਜਾਵੇ ਇੱਕ ਵਾਰ,
ਉਸ ਨੂੰ ਖੰਡੇ ਦੀ ਤਿੱਖੀ ਧਾਰ ਤੇ ਨਚਾਉਂਦੀ ਹੈ ।
ਜੀਵੋ ਅਤੇ ਜੀਣ ਦੇਵੋ ਨਾਲੋਂ ਇਹ ਤਾਂ ਅੱਗੇ ਜਾਕੇ,
ਦੂਜਿਆਂ ਨੂੰ ਜੀਣ ਵਾਲੀ ਪੌੜੀ ਤੇ ਚੜਾਉਂਦੀ ਹੈ ।।
ਜਾਦੂ-ਟੂਣੇ-ਜੋਤਸ਼ ਤੇ ਵਹਿਮ-ਭਰਮ ਛੱਡ ਸਾਰੇ,
ਵਿਪਰੀ ਝਮੇਲਿਆਂ ਨੂੰ ਸਿੱਧੇ ਰਾਹੇ ਪਾਉਂਦੀ ਹੈ ।
ਗੁਰਬਾਣੀ ਵਾਲੇ ਭਾਵ ਅਰਥ ਵਿਚਾਰ ਦੇਖੋ,
ਗੁਰਬਾਣੀ ਸੱਚ ਦੀਆਂ ਗੱਲਾਂ ਹੀ ਸੁਣਾਉਂਦੀ ਹੈ ।।
ਅੰਧ-ਵਿਸ਼ਵਾਸ ਤੇ ਕਰਮ-ਕਾਂਢ ਸੁੱਟ ਪਾਸੇ,
ਸਾਂਝੇ ਰੱਬ ਵਾਲੀ ਸਾਂਝੀ ਭਗਤੀ ਬਤਾਉਂਦੀ ਹੈ ।
ਸਾਰੀ ਦੁਨੀੳ ਦੇ ਵਿੱਚ ਇੱਕ ਹੀ ਦਿਖਾਕੇ ਜੋਤ,
ਤੇਰੇ-ਮੇਰੇ ਵਾਲਾ ਸਾਰਾ ਭਰਮ ਮਿਟਾਉਂਦੀ ਹੈ ।।
ਗੈਰ-ਵਿਗਿਆਨਿਕ ਕਰਿਸ਼ਮੇ ਤੇ ਕਰਾਮਾਤਾਂ,
ਛੱਡਕੇ ਹਕੀਕਤਾਂ ਦੇ ਨਾਲ ਟਕਰਾਉਂਦੀ ਹੈ ।
ਕੁਦਰਤ ਵਾਲੇ ਨਿਯਮਾਂ ਦੇ ਅੰਗ-ਸੰਗ ਰੱਖ,
ਰੱਬ ਦਾ ਹੁਕਮ ਆਖ ਸਾਨੂੰ ਸਮਝਾਉਂਦੀ ਹੈ ।।
ਸਾਧ-ਸੰਤ-ਡੇਰੇਦਾਰ ਬਣਦੇ ਵਿਚੋਲੇ ਜਿਹੜੇ,
ਬਾਬੇ ਇਹ ਅਖੌਤੀਆਂ ਨੂੰ ਦੂਰ ਤੋਂ ਭਜਾਉਂਦੀ ਹੈ ।
ਗੁਰਬਾਣੀ ਧਾਰ ਬੰਦਾ ਗੁਰਬਾਣੀ ਬਣ ਜਾਂਦਾ,
ਜੀਵਨ 'ਚ ਧਾਰੀ ਬਾਣੀ ਰੱਬ ਜੀ ਨੂੰ ਭਾਉਂਦੀ ਹੈ ।।
ਬੰਦੇ ਵਿੱਚੋਂ ਗੁਰੂ ਚੇਲਾ ਹੋਣ ਵਾਲਾ ਭਰਮ ਕੱਢ,
ਸੁਰਤੀ ਨੂੰ ਚੇਲਾ ਗੁਰੂ ਗਿਆਨ ਨੂੰ ਧਰਾਂਉਂਦੀ ਹੈ ।
ਬੰਦੇ ਅਤੇ ਰੱਬ ਦੀਆਂ ਪਰਤਾਂ ਨੂੰ ਦੂਰ ਕਰ,
ਦੋਨਾਂ ਦੀਆਂ ਆਪੋਂ ਵਿੱਚ ਗੱਲਾਂ ਕਰਵਾਉਂਦੀ ਹੈ ।।
ਇੱਕੋ ਗੁਰਬਾਣੀ ਦੀ ਵਿਚਾਰ ਜਦੋਂ ਕਰੀਦੀ ਏ,
ਇੱਕ ਨਾਲ ਹੀ ਉਹ ਸਾਡਾ ਰਾਬਤਾ ਰਖਾਉਂਦੀ ਹੈ ।
ਇੱਕ ਨਾਲ ਬੰਦਾ ਜਦ ਜੁੜਦਾ ਏ ਇੱਕੋ ਰਾਹੀਂ,
ਇੱਕ-ਮਿੱਕ ਵਾਲੀ ਉਹ ਅਵਸਥਾ ਸਦਾਉਂਦੀ ਹੈ ।।
ਇੱਕ ਹੀ ਗ੍ਰੰਥ-ਪੰਥ ਇੱਕ ਗੁਰ-ਰੱਬ ਸਾਡਾ,
ਇੱਕੋ ਮਰਿਆਦਾ ਗੁਰਬਾਣੀ ਫਰਮਾਉਂਦੀ ਹੈ ।
ਇੱਕ ਹੀ ਤਖਤ ਉਹਦਾ ਜਿੱਥੋਂ ਸੱਚਾ ਸੇਧ ਦੇਵੇ,
ਸ਼ਕਤੀ-ਨਿਯਮ ਰੂਪੀ ਜੱਗ ਨੂੰ ਚਲਾਉਂਦੀ ਹੈ ।।
.............................................................
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
Sunday, October 5, 2014
Subscribe to:
Posts (Atom)
















