Wednesday, November 7, 2012

ਉਬਾਮੇ ਦੀ ਜਿੱਤ ਸਿੱਖਾਂ ਦੀ ਨਜ਼ਰ ਵਿੱਚ


ਉਬਾਮੇ ਦੀ ਦੁਬਾਰਾ ਜਿੱਤ ਸਿਖਾਂ ਦੀ ਨਜ਼ਰ ਵਿੱਚ
ਨਸਲਬਾਦ ਦੀ ਵਗਦੀ ਨ੍ਹੇਰੀ ਥੰਮਣ ਲਈ,
ਚਿੱਟੇ ਘਰ ਤੇ ਕਾਲੇ ਮੁੜਕੇ ਬਹਿ ਗਏ ਨੇ ।
ਦੁਖੀ ਦਿਲਾਂ ਲਈ ਹਾਅ ਦਾ ਨਾਅਰਾ ਮਾਰਨ ਜੋ,
ਦੇਖੋ ਕਿੱਦਾਂ ਦਿਲੋਂ ਦੁਆਵਾਂ ਲੈ ਗਏ ਨੇ ।
ਰੰਗ ਨਸਲ ਦੇ ਉੱਚੇ ਬੁਰਜ ਉਸਾਰੇ ਜੋ,
ਲੋਕ ਮਨਾ ਚੋਂ ਲਗਦਾ ਕਿੰਗਰੇ ਢਹਿ ਗਏ ਨੇ ।
“ਇੱਕੋ ਜੱਗ ਦੀ ਜਾਤ ਤੇ ਵੱਖਰਾ ਕੋਈ ਨਾਂ”,
ਗੁਰੂ ਅਸਾਡੇ ਸਭ ਲੋਕਾਂ ਨੂੰ ਕਹਿ ਗਏ ਨੇ ।
“ਕਰ ਭਲਾ ਹੋ ਭਲਾ” ਕਿਤਾਬੀਂ ਲਿਖਿਆ ਹੈ,
ਅੱਖਾਂ ਸਾਹਵੇਂ ਸੱਚਾ ਹੁੰਦਾ ਦੇਖ ਲਿਆ ।
ਚਾਰ ਦਿਨਾਂ ਲਈ ਝੰਡੇ ਨੀਵੇਂ ਕੀਤੇ ਸੀ ,
ਚੋਂਹ ਸਾਲਾਂ ਲਈ ਝੰਡੇ ਉੱਚੇ ਰਹਿ ਗਏ ਨੇ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Wednesday, August 29, 2012

ਲੋਕ ਰਾਜ ਬਨਾਮ ਲੋਕ ਰਾਜ


ਲੋਕ ਰਾਜ ਬਨਾਮ ਲੋਕ ਰਾਜ

(ਡਾ ਗੁਰਮੀਤ ਸਿੰਘ ਬਰਸਾਲ)

ਅਮਰੀਕਾ ਦੇ ਵਿਸਕਾਂਨਸਨ  ਸੂਬੇ,ਦੇ ਮਿਲਵਾਉਕੀ ਸ਼ਹਿਰ ਦੇ ਅੰਦਰ।
ਜੁੜੀ ਸੀ ਸੰਗਤ ਵਾਂਗ ਹਮੇਸ਼ਾਂ,ਗੁਰਦੁਆਰੇ ਦੁਪਹਿਰ ਦੇ ਅੰਦਰ।।
ਨਸਲਬਾਦ ਵਿੱਚ ਅੰਨ੍ਹਾਂ ਹੋਇਆ,ਆਖਣ ਨੂੰ ਇੱਕ  ਬੰਦਾ ਆਇਆ।
ਨੌ ਸਤੰਬਰ ਯਾਦ  ਦਿਲਾਉਂਦਾ,ਉਸਨੇ ਟੈਟੂ ਸੀ ਖੁਦਵਾਇਆ।।
ਜਾਣ ਬੁੱਝ ਜਾਂ  ਸਿਰ ਫਿਰਨ ਤੇ,ਅੰਨ੍ਹੇ ਵਾਹ  ਉਸ ਦਾਗੀ ਗੋਲੀ।
ਛੇ ਸਿੱਖਾਂ ਦੀ ਜਾਨ ਚਲੀ ਗਈ,ਫੱਟੜ ਹੋ ਗਈ ਸੰਗਤ ਭੋਲੀ।।
ਮਿੰਟਾਂ ਵਿੱਚ ਪੁਲੀਸ ਪਹੁੰਚਕੇ,ਗੁਰਦੁਆਰੇ ਨੂੰ ਘੇਰਾ ਪਾਇਆ।
ਭਾਵੇਂ ਪੁਲਿਸ  ਵੀ ਫੱਟੜ ਹੋਈ,ਹਮਲਾਵਰ ਸੀ ਮਾਰ ਮੁਕਾਇਆ।।
ਨਸਲਬਾਦ ਦੀ ਘਟਨਾ ਸੁਣਕੇ,ਸੋਗੀ ਲਹਿਰ ਸੀ ਫੈਲੀ ਸਾਰੇ।
ਘੱਟ ਗਿਣਤੀ ਦੀ ਰੱਖਿਆ ਵਾਲੇ,ਪਰਸਾਸ਼ਨ ਨੇ ਕਦਮ  ਵਿਚਾਰੇ।।
ਵਾਸ਼ਿੰਗਟਨ ਦੇ ਝੰਡੇ ਝੁਕ ਗਏ,ਸਭ ਪਾਸੇ ਸੀ ਹੁਕਮ ਪੁਚਾਏ।
ਕਿਸੇ ਅਦਾਰੇ  ਦਫਤਰ ਸਾਹਵੇਂ,ਪੂਰਾ ਝੰਡਾ ਨਾਂ  ਲਹਿਰਾਏ।।
ਮਤਾ ਸੋਗ ਦਾ ਪਾ ਅਮਰੀਕਾ,ਪਾਰਲੀਮੈਂਟ ਵਿੱਚ ਗੱਲ ਵਿਚਾਰੀ।
ਸਿੱਖ ਸਾਡੇ ਪਰਵਾਰ  ਦਾ ਹਿੱਸਾ,ਰੱਖਿਆ ਸਾਡੀ ਜਿਮੇਵਾਰੀ।।
ਹਰ ਸਮਾਜ ਹਰ ਖੇਤਰ ਅੰਦਰ,ਚੰਗੇ-ਮੰਦੇ ਹੋ ਸਕਦੇ ਨੇ।
ਲੋਕ ਰਾਜ ਹਮਦਰਦੀ ਰਾਹੀਂ,ਜਖ਼ਮ ਸਮੇਂ ਦੇ ਧੋ ਸਕਦੇ ਨੇ।
ਲੋਕੀਂ ਸ਼ੋਕ-ਸਭਾਵਾਂ ਅੰਦਰ,ਮਾਨਵਤਾ ਦੀ ਪੌੜੀ ਚੜ੍ਹ ਗਏ।
ਗੋਰੇ, ਕਾਲੇ, ਮੀਗ੍ਹੇ, ਚੀਨੇ,ਸੱਭੇ ਆਣ ਬਰੋਬਰ  ਖੜ੍ਹ ਗਏ।।
ਦੂਜੇ ਪਾਸੇ ਅਗਰ ਦੇਖੀਏ,ਜਿਸ ਭਾਰਤ ਅਸੀਂ ਜੰਮੇ ਜਾਏ।
ਆਖਣ ਨੂੰ ਤਾਂ  ਦੁਨੀਆਂ ਵਿੱਚੋਂ,ਵੱਡਾ ਲੋਕ ਰਾਜ  ਅਖਵਾਏ।।
ਘੱਟ ਗਿਣਤੀ ਦੀ ਰੱਖਿਆ ਦੀ ਥਾਂ,ਘੱਟ ਗਿਣਤੀ ਹੀ ਦੁਸ਼ਮਣ ਇਸਦਾ।
ਹੱਕ-ਇਨਸਾਫ ਨੂੰ  ਮੰਗਣ ਵਾਲਾ,ਹਰ ਬੰਦਾ ਹੀ ਦੁਸ਼ਮਣ  ਦਿਸਦਾ।।
ਘੱਟ ਗਿਣਤੀ ਨੂੰ  ਜਿੱਥੇ ਆਪਣੇ,ਹੱਕਾਂ ਖਾਤਿਰ  ਮਰਨਾਂ ਪੈਂਦਾ,
ਜੀਵਨ ਪੂਰੇ ਲੰਘ  ਜਾਂਦੇ ਨੇ,ਇੰਤਜਾਰ ਹੀ ਕਰਨਾਂ  ਪੈਂਦਾ।।
ਲੋਕ ਭਾਵਨਾਂ ਦਰੜੀ ਜਾਂਦੀ,ਲੋਕ ਰਾਜ ਦੀ ਆੜ ਦੇ ਅੰਦਰ।
ਘਾਣ ਮਨੁੱਖੀ ਅਧਿਕਾਰਾਂ ਦਾ,ਹੈ ਸੰਵਿਧਾਨਿਕ ਵਾੜ ਦੇ ਅੰਦਰ।।
ਟੈਰ ਗਲਾਂ ਵਿੱਚ ਪਾਕੇ ਸਾੜੇ,ਧਰਮ-ਸਥਾਨਾਂ ਨੂੰ  ਤੁੜਵਾਵੇ।
ਘੱਟ ਗਿਣਤੀ ਦੀ ਕਰਨ ਜੋ ਰਾਖੀ,ਉਹਨਾਂ ਦੇ ਝੰਡੇ ਸੜਵਾਵੇ।।
ਘੱਟ ਗਿਣਤੀਆਂ  ਖਾਤਿਰ ਜਿੱਥੇ,ਵੱਖਰੇ ਹੀ ਕਾਨੂੰਨ ਬਣੇ ਨੇ।
ਨਿਰਦੋਸ਼ਾਂ ਦੇ ਮਰਨੇ ਦੇ ਪਲ,ਨੇਤਾ ਦਾ ਸਕੂਨ ਬਣੇ ਨੇ।।
ਇੱਕ ਰਾਜ ਘੱਟ  ਗਿਣਤੀ ਖਾਤਿਰ,ਝੰਡੇ ਤੱਕ ਝੁਕਾ ਦਿੰਦਾ ਹੈ ,
ਦੂਜਾ ਕਤਲੋ-ਗਾਰਤ ਕਰਕੇ,ਝੰਡੇ ਹੋਰ ਉਠਾ  ਦਿੰਦਾ ਹੈ ।।
ਦੋ ਦੇਸ਼ਾਂ ਦੇ ਲੋਕ ਰਾਜਾਂ ਦੀ,ਵੱਖੋ ਵੱਖਰੀ  ਇੰਝ ਕਹਾਣੀ।
ਬਦਲ ਰਹੇ ਹਾਲਾਤਾਂ  ਕਾਰਣ,ਹੁਣ ਤਾਂ ਸਭ ਲੋਕਾਂ  ਨੇ ਜਾਣੀ।।
“ਲੋਕ ਰਾਜ ਹੈ ਭਾਰਤ ਵੱਡਾ”,ਏਦਾਂ ਸੁਣਕੇ  ਸਹਿ ਨਹੀਂ ਹੁੰਦਾ।
“ਸਾਰੇ ਜਹਾਂ ਸੇ ਅੱਛਾ” ਮੇਰਾ,“ਦੇਸ਼ ਮਹਾਨ”  ਇਹ ਕਹਿ ਨਹੀਂ ਹੁੰਦਾ।।
ਨਾਂ ਹੀ ਜਨਮ ਭੂਮੀ ਦਾ ਦੁਖੜਾ,ਸਾਤੋਂ ਕਦੇ ਭੁਲਾਇਆ ਜਾਂਦਾ,
“ਝੰਡਾ ਊਚਾ ਰਹੇ  ਹਮਾਰਾ”,ਇਹ ਵੀ ਹੁਣ ਨਹੀਂ ਗਾਇਆ ਜਾਂਦਾ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, July 24, 2012

ਰੱਬੀ ਕਣਾਂ ਦੀ ਖੋਜ


ਰੱਬੀ ਕਣਾਂ ਦੀ ਖੋਜ
ਕਰਤਾ ਆਪਣੀ ਕਿਰਤ ਦੇ ਅੰਦਰ,
ਕਿੰਝ ਖੁਦ ਨੂੰ ਪ੍ਰਗਟਾਵੇ।
ਕਿਰਤ ਨਿਕਲ ਕੇ ਕਰਤੇ ਵਿੱਚੋਂ,
ਇਹੋ ਸਮਝ ਨਾ ਪਾਵੇ।।
ਇਸ ਬ੍ਰਹਿਮੰਡ ਦੀ ਰਚਨਾਂ ਵਾਲਾ,
ਨੁਕਤਾ ਸਮਝਣ ਖਾਤਿਰ।
ਕਿਰਤ ਭਾਲਦੀ ਕਰਤਾ ਆਪਣਾ,
ਵੱਡੇ ਰਿਸਕ ਉਠਾਵੇ।।
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ,
ਰਸਤਾ ਭਾਵੇਂ ਬਿਖੜਾ,
ਪਰ ਆਸ਼ਿਕ ਦਾ ਇਸ਼ਕ ਨਿਰਾਲਾ,
ਹਰ ਪਲ ਵੱਧਦਾ ਜਾਵੇ।।
ਕਿਣਕੇ ਦੀ ਔਕਾਤ ਨਾਂ ਕੋਈ,
ਇਸ ਬ੍ਰਹਿਮੰਡ ਦੇ ਸਾਹਵੇਂ।
ਬਣ ਕੇ ਬੂੰਦ ਸਮੁੰਦਰ ਵਾਲੀ,
ਥਾਹ ਸਾਗਰ ਦੀ ਚਾਹਵੇ।।
“ਖੋਜੀ ਉਪਜੈ ਬਾਦੀ ਬਿਨਸੈ”
ਪੜ੍ਹਦਾ, ਪਰ ਨਾਂ ਬੁੱਝੇ,
ਪੱਥਰ ਯੁੱਗੀ ਪੱਥਰਾਂ ਕੋਲੋਂ,
ਖਹਿੜਾ ਕਿੰਝ ਛੁਡਾਵੇ।।
ਕਰਤੇ ਬਾਝੋਂ ਕਿਰਤ ਨਾਂ ਹੁੰਦੀ,
ਕਿਰਤ ਬਾਝ ਨਾਂ ਕਰਤਾ।
ਕਰਤਾ ਹੋ ਕੇ “ਪੁਰਖ” ਤੇ “ਸੈਭੰ”,
ਇਹੋ ਗੱਲ ਸਮਝਾਵੇ।।
ਰੱਬ ਦੇ ਕਣਾਂ ਨੂੰ ਲੱਭਣ ਵਾਲਾ,
ਕਰਦਾ ਬੰਦਾ ਦਾਅਵਾ।
ਕਣ ਕਣ ਅੰਦਰ ਬੈਠਾ ਉਹ ਤਾਂ,
ਬੰਦੇ ਤੇ ਮੁਸਕਾਵੇ।।।।
ਡਾ ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)

Tuesday, June 19, 2012

ਕੁਦਰਤ, ਵਿਗਿਆਨ ਅਤੇ ਗੁਰਮਤਿ


ਕੁਦਰਤ, ਵਿਗਿਆਨ ਅਤੇ ਗੁਰਮਤਿ
ਗੁਰਬਾਣੀ ਦਾ ਕਥਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ (ਪੰਨਾ 695)
ਮਨੁੱਖ ਦਾ ਸ਼ਰੀਰ ਬ੍ਰਹਿਮੰਡ ਦਾ ਹੀ ਰੂਪ ਹੈ। ਜਿਸ ਤਰਾਂ ਸਮੁੰਦਰ ਦੇ ਪਾਣੀ ਦਾ ਸੁਭਾਅ ਉਸਦੇ ਇੱਕ ਤੁਪਕੇ ਵਰਗਾ ਹੀ ਹੁੰਦਾ ਹੈ ਇਸੇ ਤਰਾਂ ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸ ਨੂੰ ਅਸੀਂ ਅਣੂ ਆਖਦੇ ਹਾਂ, ਵਿੱਚ ਵੀ ਉਹੀ ਸ਼ਕਤੀ ਕੰਮ ਕਰ ਰਹੀ ਹੈ, ਜੋ ਸਮੁੱਚੇ ਬ੍ਰਹਿਮੰਡ ਨੂੰ ਇੱਕ ਖਾਸ ਸਿਸਟਮ ਵਿੱਚ ਬੰਨ੍ਹੀ ਫਿਰਦੀ ਹੈ। ਜਦੋਂ ਅਸੀਂ ਕਿਸੇ ਜੀਵ ਦੇ ਇਕ ਸੈੱਲ ਦਾ ਅਧਿਐਨ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਇੱਕ ਅਣੂ ਦੇ ਵਿਚਕਾਰ ਪੌਜੇਟਿਵ ਚਾਰਜ ਵਾਲੇ ਪਰੋਟੌਨ ਅਤੇ ਚਾਰਜ ਰਹਿਤ ਨਿਊਟਰਾਨ ਗੁੰਦੇ ਹੁੰਦੇ ਹਨ , ਜਿਨਾਂ ਦੁਆਲੇ ਨੈਗੇਟਿਵ ਚਾਰਜ ਵਾਲੇ ਇਲੈਕਟਰੌਨ ਇਕ ਖਾਸ ਨਿਸ਼ਚਿਤ ਦਾਇਰੇ ਵਿੱਚ ਘੁੰਮਦੇ ਰਹਿੰਦੇ ਹਨ। ਇਹ ਘੁੰਮਣ ਵਾਲੇ ਇਲੈਕਟਰੌਨ ਨਾਂ ਅੰਦਰ ਜਾਂਦੇ ਹਨ ਨਾਂ ਬਾਹਰ ਜੋ ਕਿਸੇ ਤੱਤ ਦੀ ਬਣਤਰ ਦਾ ਆਧਾਰ ਬਣਦੇ ਹਨ। ਇਕ ਖਾਸ ਤਰਾਂ ਦੀ ਸ਼ਕਤੀ ਇਹਨਾਂ ਨੂੰ ਘੁੰਮਦੇ ਹੋਇਆਂ ਨੂੰ ਨਿਸ਼ਚਿਤ ਫ਼ਰਕ ਤੇ ਰੱਖਦੀ ਹੈ ਬਿਲਕੁਲ ਉਸੇ ਤਰਾਂ ਜਿਵੇਂ ਬ੍ਰਹਿਮੰਡ ਵਿੱਚ ਸੂਰਜ, ਧਰਤੀ, ਚੰਦ ਅਤੇ ਤਾਰੇ ਆਪਣੇ ਧੁਰੇ ਅਤੇ ਦੂਜਿਆਂ ਦੁਆਲੇ ਘੁੰਮਦੇ ਹੋਏ ਇਕ ਖਾਸ ਦੂਰੀ ਤੇ ਰਹਿਕੇ ਬ੍ਰਹਿਮੰਡ ਨੂੰ ਇਕ ਆਕਾਰ ਬਕਸ਼ਦੇ ਹਨ। ਸੋ ਬ੍ਰਹਿਮੰਡ ਵਿੱਚ ਵਿਚਰ ਰਹੀ ਸ਼ਕਤੀ ਅਤੇ ਇਕ ਸੂਖਮ ਜਿਹੇ ਅਣੂ ਵਿੱਚ ਵਿਚਰ ਰਹੀ ਸ਼ਕਤੀ ਦੇ ਗੁਣਾਂ ਦੀ ਸ਼ਾਂਝ ਹੋਣੀ ਬਾਬੇ ਨਾਨਕ ਦੇ ਕੁਦਰਤ ਨਾਲ ਇਕ ਮਿਕ ਹੋਕੇ ਕਹੇ ਅਨੁਭਵੀ ਸ਼ਬਦ ਦੀ ਇੰਨ ਬਿੰਨ ਪ੍ਰੋੜਤਾ ਕਰਦੀ ਹੈ। ਇਸ ਤਰਾਂ ਅਸੀਂ ਜਾਣ ਜਾਂਦੇ ਹਾਂ ਕਿ ਬਾਬੇ ਨਾਨਕ ਦਾ ਸੁਝਾਇਆ ਰੱਬ ਕੋਈ ਅਸਮਾਨ ਵਿੱਚ ਵੱਖਰਾ ਵਿਭਾਗ ਖੋਲ ਕੇ ਬੈਠਾ ਹੋਰ ਮੱਤਾਂ ਦੇ ਖਿਆਲੇ ਸਵਰਗ-ਨਰਕ ਦੇ ਵਿਭਾਗਾਂ ਵਾਲੇ ਰੱਬ ਵਰਗਾ ਰੱਬ ਨਹੀਂ ਹੈ ਸਗੋਂ ਇਸ ਸਮੁੱਚੇ ਬ੍ਰਹਿਮੰਡ ਵਿੱਚ ਅਦਿੱਖ ਸ਼ਕਤੀ ਦੇ ਰੂਪ ਵਿੱਚ ਹੀ ਹਰ ਜਗ੍ਹਾ ਇਕ ਸਾਰ ਵਿਚਰ ਰਿਹਾ ਸੈ-ਭੰਗ (ਸਵੈ ਭੰਗ) ਕਰਤਾ ਪੁਰਖ ਹੈ ਜੋ ਆਪਣੇ ਆਪ ਤੋਂ ਹੀ ਪਰਗਟ ਹੋ ਆਪਣੀ ਕਿਰਤ ਵਿੱਚ ਹੀ ਪੂਰਿਆ ਹੋਇਆ ਹੈ।