Wednesday, August 29, 2012

ਲੋਕ ਰਾਜ ਬਨਾਮ ਲੋਕ ਰਾਜ


ਲੋਕ ਰਾਜ ਬਨਾਮ ਲੋਕ ਰਾਜ

(ਡਾ ਗੁਰਮੀਤ ਸਿੰਘ ਬਰਸਾਲ)

ਅਮਰੀਕਾ ਦੇ ਵਿਸਕਾਂਨਸਨ  ਸੂਬੇ,ਦੇ ਮਿਲਵਾਉਕੀ ਸ਼ਹਿਰ ਦੇ ਅੰਦਰ।
ਜੁੜੀ ਸੀ ਸੰਗਤ ਵਾਂਗ ਹਮੇਸ਼ਾਂ,ਗੁਰਦੁਆਰੇ ਦੁਪਹਿਰ ਦੇ ਅੰਦਰ।।
ਨਸਲਬਾਦ ਵਿੱਚ ਅੰਨ੍ਹਾਂ ਹੋਇਆ,ਆਖਣ ਨੂੰ ਇੱਕ  ਬੰਦਾ ਆਇਆ।
ਨੌ ਸਤੰਬਰ ਯਾਦ  ਦਿਲਾਉਂਦਾ,ਉਸਨੇ ਟੈਟੂ ਸੀ ਖੁਦਵਾਇਆ।।
ਜਾਣ ਬੁੱਝ ਜਾਂ  ਸਿਰ ਫਿਰਨ ਤੇ,ਅੰਨ੍ਹੇ ਵਾਹ  ਉਸ ਦਾਗੀ ਗੋਲੀ।
ਛੇ ਸਿੱਖਾਂ ਦੀ ਜਾਨ ਚਲੀ ਗਈ,ਫੱਟੜ ਹੋ ਗਈ ਸੰਗਤ ਭੋਲੀ।।
ਮਿੰਟਾਂ ਵਿੱਚ ਪੁਲੀਸ ਪਹੁੰਚਕੇ,ਗੁਰਦੁਆਰੇ ਨੂੰ ਘੇਰਾ ਪਾਇਆ।
ਭਾਵੇਂ ਪੁਲਿਸ  ਵੀ ਫੱਟੜ ਹੋਈ,ਹਮਲਾਵਰ ਸੀ ਮਾਰ ਮੁਕਾਇਆ।।
ਨਸਲਬਾਦ ਦੀ ਘਟਨਾ ਸੁਣਕੇ,ਸੋਗੀ ਲਹਿਰ ਸੀ ਫੈਲੀ ਸਾਰੇ।
ਘੱਟ ਗਿਣਤੀ ਦੀ ਰੱਖਿਆ ਵਾਲੇ,ਪਰਸਾਸ਼ਨ ਨੇ ਕਦਮ  ਵਿਚਾਰੇ।।
ਵਾਸ਼ਿੰਗਟਨ ਦੇ ਝੰਡੇ ਝੁਕ ਗਏ,ਸਭ ਪਾਸੇ ਸੀ ਹੁਕਮ ਪੁਚਾਏ।
ਕਿਸੇ ਅਦਾਰੇ  ਦਫਤਰ ਸਾਹਵੇਂ,ਪੂਰਾ ਝੰਡਾ ਨਾਂ  ਲਹਿਰਾਏ।।
ਮਤਾ ਸੋਗ ਦਾ ਪਾ ਅਮਰੀਕਾ,ਪਾਰਲੀਮੈਂਟ ਵਿੱਚ ਗੱਲ ਵਿਚਾਰੀ।
ਸਿੱਖ ਸਾਡੇ ਪਰਵਾਰ  ਦਾ ਹਿੱਸਾ,ਰੱਖਿਆ ਸਾਡੀ ਜਿਮੇਵਾਰੀ।।
ਹਰ ਸਮਾਜ ਹਰ ਖੇਤਰ ਅੰਦਰ,ਚੰਗੇ-ਮੰਦੇ ਹੋ ਸਕਦੇ ਨੇ।
ਲੋਕ ਰਾਜ ਹਮਦਰਦੀ ਰਾਹੀਂ,ਜਖ਼ਮ ਸਮੇਂ ਦੇ ਧੋ ਸਕਦੇ ਨੇ।
ਲੋਕੀਂ ਸ਼ੋਕ-ਸਭਾਵਾਂ ਅੰਦਰ,ਮਾਨਵਤਾ ਦੀ ਪੌੜੀ ਚੜ੍ਹ ਗਏ।
ਗੋਰੇ, ਕਾਲੇ, ਮੀਗ੍ਹੇ, ਚੀਨੇ,ਸੱਭੇ ਆਣ ਬਰੋਬਰ  ਖੜ੍ਹ ਗਏ।।
ਦੂਜੇ ਪਾਸੇ ਅਗਰ ਦੇਖੀਏ,ਜਿਸ ਭਾਰਤ ਅਸੀਂ ਜੰਮੇ ਜਾਏ।
ਆਖਣ ਨੂੰ ਤਾਂ  ਦੁਨੀਆਂ ਵਿੱਚੋਂ,ਵੱਡਾ ਲੋਕ ਰਾਜ  ਅਖਵਾਏ।।
ਘੱਟ ਗਿਣਤੀ ਦੀ ਰੱਖਿਆ ਦੀ ਥਾਂ,ਘੱਟ ਗਿਣਤੀ ਹੀ ਦੁਸ਼ਮਣ ਇਸਦਾ।
ਹੱਕ-ਇਨਸਾਫ ਨੂੰ  ਮੰਗਣ ਵਾਲਾ,ਹਰ ਬੰਦਾ ਹੀ ਦੁਸ਼ਮਣ  ਦਿਸਦਾ।।
ਘੱਟ ਗਿਣਤੀ ਨੂੰ  ਜਿੱਥੇ ਆਪਣੇ,ਹੱਕਾਂ ਖਾਤਿਰ  ਮਰਨਾਂ ਪੈਂਦਾ,
ਜੀਵਨ ਪੂਰੇ ਲੰਘ  ਜਾਂਦੇ ਨੇ,ਇੰਤਜਾਰ ਹੀ ਕਰਨਾਂ  ਪੈਂਦਾ।।
ਲੋਕ ਭਾਵਨਾਂ ਦਰੜੀ ਜਾਂਦੀ,ਲੋਕ ਰਾਜ ਦੀ ਆੜ ਦੇ ਅੰਦਰ।
ਘਾਣ ਮਨੁੱਖੀ ਅਧਿਕਾਰਾਂ ਦਾ,ਹੈ ਸੰਵਿਧਾਨਿਕ ਵਾੜ ਦੇ ਅੰਦਰ।।
ਟੈਰ ਗਲਾਂ ਵਿੱਚ ਪਾਕੇ ਸਾੜੇ,ਧਰਮ-ਸਥਾਨਾਂ ਨੂੰ  ਤੁੜਵਾਵੇ।
ਘੱਟ ਗਿਣਤੀ ਦੀ ਕਰਨ ਜੋ ਰਾਖੀ,ਉਹਨਾਂ ਦੇ ਝੰਡੇ ਸੜਵਾਵੇ।।
ਘੱਟ ਗਿਣਤੀਆਂ  ਖਾਤਿਰ ਜਿੱਥੇ,ਵੱਖਰੇ ਹੀ ਕਾਨੂੰਨ ਬਣੇ ਨੇ।
ਨਿਰਦੋਸ਼ਾਂ ਦੇ ਮਰਨੇ ਦੇ ਪਲ,ਨੇਤਾ ਦਾ ਸਕੂਨ ਬਣੇ ਨੇ।।
ਇੱਕ ਰਾਜ ਘੱਟ  ਗਿਣਤੀ ਖਾਤਿਰ,ਝੰਡੇ ਤੱਕ ਝੁਕਾ ਦਿੰਦਾ ਹੈ ,
ਦੂਜਾ ਕਤਲੋ-ਗਾਰਤ ਕਰਕੇ,ਝੰਡੇ ਹੋਰ ਉਠਾ  ਦਿੰਦਾ ਹੈ ।।
ਦੋ ਦੇਸ਼ਾਂ ਦੇ ਲੋਕ ਰਾਜਾਂ ਦੀ,ਵੱਖੋ ਵੱਖਰੀ  ਇੰਝ ਕਹਾਣੀ।
ਬਦਲ ਰਹੇ ਹਾਲਾਤਾਂ  ਕਾਰਣ,ਹੁਣ ਤਾਂ ਸਭ ਲੋਕਾਂ  ਨੇ ਜਾਣੀ।।
“ਲੋਕ ਰਾਜ ਹੈ ਭਾਰਤ ਵੱਡਾ”,ਏਦਾਂ ਸੁਣਕੇ  ਸਹਿ ਨਹੀਂ ਹੁੰਦਾ।
“ਸਾਰੇ ਜਹਾਂ ਸੇ ਅੱਛਾ” ਮੇਰਾ,“ਦੇਸ਼ ਮਹਾਨ”  ਇਹ ਕਹਿ ਨਹੀਂ ਹੁੰਦਾ।।
ਨਾਂ ਹੀ ਜਨਮ ਭੂਮੀ ਦਾ ਦੁਖੜਾ,ਸਾਤੋਂ ਕਦੇ ਭੁਲਾਇਆ ਜਾਂਦਾ,
“ਝੰਡਾ ਊਚਾ ਰਹੇ  ਹਮਾਰਾ”,ਇਹ ਵੀ ਹੁਣ ਨਹੀਂ ਗਾਇਆ ਜਾਂਦਾ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, July 24, 2012

ਰੱਬੀ ਕਣਾਂ ਦੀ ਖੋਜ


ਰੱਬੀ ਕਣਾਂ ਦੀ ਖੋਜ
ਕਰਤਾ ਆਪਣੀ ਕਿਰਤ ਦੇ ਅੰਦਰ,
ਕਿੰਝ ਖੁਦ ਨੂੰ ਪ੍ਰਗਟਾਵੇ।
ਕਿਰਤ ਨਿਕਲ ਕੇ ਕਰਤੇ ਵਿੱਚੋਂ,
ਇਹੋ ਸਮਝ ਨਾ ਪਾਵੇ।।
ਇਸ ਬ੍ਰਹਿਮੰਡ ਦੀ ਰਚਨਾਂ ਵਾਲਾ,
ਨੁਕਤਾ ਸਮਝਣ ਖਾਤਿਰ।
ਕਿਰਤ ਭਾਲਦੀ ਕਰਤਾ ਆਪਣਾ,
ਵੱਡੇ ਰਿਸਕ ਉਠਾਵੇ।।
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ,
ਰਸਤਾ ਭਾਵੇਂ ਬਿਖੜਾ,
ਪਰ ਆਸ਼ਿਕ ਦਾ ਇਸ਼ਕ ਨਿਰਾਲਾ,
ਹਰ ਪਲ ਵੱਧਦਾ ਜਾਵੇ।।
ਕਿਣਕੇ ਦੀ ਔਕਾਤ ਨਾਂ ਕੋਈ,
ਇਸ ਬ੍ਰਹਿਮੰਡ ਦੇ ਸਾਹਵੇਂ।
ਬਣ ਕੇ ਬੂੰਦ ਸਮੁੰਦਰ ਵਾਲੀ,
ਥਾਹ ਸਾਗਰ ਦੀ ਚਾਹਵੇ।।
“ਖੋਜੀ ਉਪਜੈ ਬਾਦੀ ਬਿਨਸੈ”
ਪੜ੍ਹਦਾ, ਪਰ ਨਾਂ ਬੁੱਝੇ,
ਪੱਥਰ ਯੁੱਗੀ ਪੱਥਰਾਂ ਕੋਲੋਂ,
ਖਹਿੜਾ ਕਿੰਝ ਛੁਡਾਵੇ।।
ਕਰਤੇ ਬਾਝੋਂ ਕਿਰਤ ਨਾਂ ਹੁੰਦੀ,
ਕਿਰਤ ਬਾਝ ਨਾਂ ਕਰਤਾ।
ਕਰਤਾ ਹੋ ਕੇ “ਪੁਰਖ” ਤੇ “ਸੈਭੰ”,
ਇਹੋ ਗੱਲ ਸਮਝਾਵੇ।।
ਰੱਬ ਦੇ ਕਣਾਂ ਨੂੰ ਲੱਭਣ ਵਾਲਾ,
ਕਰਦਾ ਬੰਦਾ ਦਾਅਵਾ।
ਕਣ ਕਣ ਅੰਦਰ ਬੈਠਾ ਉਹ ਤਾਂ,
ਬੰਦੇ ਤੇ ਮੁਸਕਾਵੇ।।।।
ਡਾ ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)

Tuesday, June 19, 2012

ਕੁਦਰਤ, ਵਿਗਿਆਨ ਅਤੇ ਗੁਰਮਤਿ


ਕੁਦਰਤ, ਵਿਗਿਆਨ ਅਤੇ ਗੁਰਮਤਿ
ਗੁਰਬਾਣੀ ਦਾ ਕਥਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ (ਪੰਨਾ 695)
ਮਨੁੱਖ ਦਾ ਸ਼ਰੀਰ ਬ੍ਰਹਿਮੰਡ ਦਾ ਹੀ ਰੂਪ ਹੈ। ਜਿਸ ਤਰਾਂ ਸਮੁੰਦਰ ਦੇ ਪਾਣੀ ਦਾ ਸੁਭਾਅ ਉਸਦੇ ਇੱਕ ਤੁਪਕੇ ਵਰਗਾ ਹੀ ਹੁੰਦਾ ਹੈ ਇਸੇ ਤਰਾਂ ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸ ਨੂੰ ਅਸੀਂ ਅਣੂ ਆਖਦੇ ਹਾਂ, ਵਿੱਚ ਵੀ ਉਹੀ ਸ਼ਕਤੀ ਕੰਮ ਕਰ ਰਹੀ ਹੈ, ਜੋ ਸਮੁੱਚੇ ਬ੍ਰਹਿਮੰਡ ਨੂੰ ਇੱਕ ਖਾਸ ਸਿਸਟਮ ਵਿੱਚ ਬੰਨ੍ਹੀ ਫਿਰਦੀ ਹੈ। ਜਦੋਂ ਅਸੀਂ ਕਿਸੇ ਜੀਵ ਦੇ ਇਕ ਸੈੱਲ ਦਾ ਅਧਿਐਨ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਇੱਕ ਅਣੂ ਦੇ ਵਿਚਕਾਰ ਪੌਜੇਟਿਵ ਚਾਰਜ ਵਾਲੇ ਪਰੋਟੌਨ ਅਤੇ ਚਾਰਜ ਰਹਿਤ ਨਿਊਟਰਾਨ ਗੁੰਦੇ ਹੁੰਦੇ ਹਨ , ਜਿਨਾਂ ਦੁਆਲੇ ਨੈਗੇਟਿਵ ਚਾਰਜ ਵਾਲੇ ਇਲੈਕਟਰੌਨ ਇਕ ਖਾਸ ਨਿਸ਼ਚਿਤ ਦਾਇਰੇ ਵਿੱਚ ਘੁੰਮਦੇ ਰਹਿੰਦੇ ਹਨ। ਇਹ ਘੁੰਮਣ ਵਾਲੇ ਇਲੈਕਟਰੌਨ ਨਾਂ ਅੰਦਰ ਜਾਂਦੇ ਹਨ ਨਾਂ ਬਾਹਰ ਜੋ ਕਿਸੇ ਤੱਤ ਦੀ ਬਣਤਰ ਦਾ ਆਧਾਰ ਬਣਦੇ ਹਨ। ਇਕ ਖਾਸ ਤਰਾਂ ਦੀ ਸ਼ਕਤੀ ਇਹਨਾਂ ਨੂੰ ਘੁੰਮਦੇ ਹੋਇਆਂ ਨੂੰ ਨਿਸ਼ਚਿਤ ਫ਼ਰਕ ਤੇ ਰੱਖਦੀ ਹੈ ਬਿਲਕੁਲ ਉਸੇ ਤਰਾਂ ਜਿਵੇਂ ਬ੍ਰਹਿਮੰਡ ਵਿੱਚ ਸੂਰਜ, ਧਰਤੀ, ਚੰਦ ਅਤੇ ਤਾਰੇ ਆਪਣੇ ਧੁਰੇ ਅਤੇ ਦੂਜਿਆਂ ਦੁਆਲੇ ਘੁੰਮਦੇ ਹੋਏ ਇਕ ਖਾਸ ਦੂਰੀ ਤੇ ਰਹਿਕੇ ਬ੍ਰਹਿਮੰਡ ਨੂੰ ਇਕ ਆਕਾਰ ਬਕਸ਼ਦੇ ਹਨ। ਸੋ ਬ੍ਰਹਿਮੰਡ ਵਿੱਚ ਵਿਚਰ ਰਹੀ ਸ਼ਕਤੀ ਅਤੇ ਇਕ ਸੂਖਮ ਜਿਹੇ ਅਣੂ ਵਿੱਚ ਵਿਚਰ ਰਹੀ ਸ਼ਕਤੀ ਦੇ ਗੁਣਾਂ ਦੀ ਸ਼ਾਂਝ ਹੋਣੀ ਬਾਬੇ ਨਾਨਕ ਦੇ ਕੁਦਰਤ ਨਾਲ ਇਕ ਮਿਕ ਹੋਕੇ ਕਹੇ ਅਨੁਭਵੀ ਸ਼ਬਦ ਦੀ ਇੰਨ ਬਿੰਨ ਪ੍ਰੋੜਤਾ ਕਰਦੀ ਹੈ। ਇਸ ਤਰਾਂ ਅਸੀਂ ਜਾਣ ਜਾਂਦੇ ਹਾਂ ਕਿ ਬਾਬੇ ਨਾਨਕ ਦਾ ਸੁਝਾਇਆ ਰੱਬ ਕੋਈ ਅਸਮਾਨ ਵਿੱਚ ਵੱਖਰਾ ਵਿਭਾਗ ਖੋਲ ਕੇ ਬੈਠਾ ਹੋਰ ਮੱਤਾਂ ਦੇ ਖਿਆਲੇ ਸਵਰਗ-ਨਰਕ ਦੇ ਵਿਭਾਗਾਂ ਵਾਲੇ ਰੱਬ ਵਰਗਾ ਰੱਬ ਨਹੀਂ ਹੈ ਸਗੋਂ ਇਸ ਸਮੁੱਚੇ ਬ੍ਰਹਿਮੰਡ ਵਿੱਚ ਅਦਿੱਖ ਸ਼ਕਤੀ ਦੇ ਰੂਪ ਵਿੱਚ ਹੀ ਹਰ ਜਗ੍ਹਾ ਇਕ ਸਾਰ ਵਿਚਰ ਰਿਹਾ ਸੈ-ਭੰਗ (ਸਵੈ ਭੰਗ) ਕਰਤਾ ਪੁਰਖ ਹੈ ਜੋ ਆਪਣੇ ਆਪ ਤੋਂ ਹੀ ਪਰਗਟ ਹੋ ਆਪਣੀ ਕਿਰਤ ਵਿੱਚ ਹੀ ਪੂਰਿਆ ਹੋਇਆ ਹੈ।

Monday, May 21, 2012

ਪੁਜਾਰੀ ਵਾਦ ਦਾ ਬਦਲ


ਪੁਜਾਰੀ ਵਾਦ ਦਾ ਬਦਲ
ਗੁਰੂ ਅਮਰਦਾਸ ਜੀ ਨੇ ਦੂਰ ਦੁਰਾਡਿਆਂ ਤੱਕ ਗੁਰਮਤਿ ਦੇ ਪ੍ਰਚਾਰ ਲਈ ਪ੍ਰਚਾਰਕ ਨਿਯੁਕਤ ਕੀਤੇ ਸਨ ਜਿਨਾਂ ਨੂੰ ਉਸ ਸਮੇ ਮਸਨਦ (ਮਸੰਦ) ਕਿਹਾ ਜਾਂਦਾ ਸੀ। ਮਸਨਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਗੱਦੀ। ਇਹਨਾਂ ਮਸੰਦਾਂ ਦਾ ਕੰਮ ਆਪਣੀ ਕਿਰਤ ਕਮਾਈ ਕਰਦਿਆਂ ਗੁਰਮਤਿ ਦਾ ਪ੍ਰਚਾਰ ਕਰਦੇ ਕਰਦੇ ਸੰਗਤਾਂ ਦੇ ਦਸਵੰਦ ਨੂੰ ਮੁੱਖ ਕੇਂਦਰ (ਗੁਰੂ ਕੋਲ) ਪਹੁੰਚਾਉਣਾ ਹੁੰਦਾ ਸੀ। ਕੁਝ ਸਮਾਂ ਤਾਂ ਪ੍ਰਚਾਰ ਦੇ ਇਹ ਕੇਂਦਰ ਬਹੁਤ ਵਧੀਆ ਚਲਦੇ ਰਹੇ ਪਰ ਸਮੇ ਦੇ ਬਦਲਾਵ ਨਾਲ ਉਹਨਾਂ ਮਸੰਦਾਂ ਦੀ ਨੀਅਤ ਵੀ ਬਦਲ ਗਈ। ਹੋ ਰਹੀ ਪੂਜਾ ਪ੍ਰਤਿਸ਼ਠਾ ਅਤੇ ਕਮਾਈ ਦੇ ਸੌਖਾ ਸਾਧਨ ਬਣ ਜਾਣ ਕਾਰਣ ਮਸੰਦਾਂ ਨੇ ਪ੍ਰਚਾਰ ਕੇਂਦਰਾਂ ਨੂੰ ਵਪਾਰ ਕੇਂਦਰਾਂ ਵਿੱਚ ਬਦਲ ਦਿੱਤਾ। ਗੁਰਮਤਿ ਦੇ ਪ੍ਰਚਾਰ ਦੀ ਜਗਹ ਪੈਸੇ ਦੇ ਚੜ੍ਹਾਵੇ ਨਾਲ ਪੂਜਾ ਹੋਣੀ ਸ਼ੁਰੂ ਹੋ ਗਈ। ਜਿਆਦਾ ਚੜ੍ਹ ਰਹੇ ਪੈਸੇ ਨੇ ਮਸੰਦਾ ਦੀ ਮੱਤ ਮਾਰ ਦਿੱਤੀ ਅਤੇ ਉਹ ਕੁਕਰਮਾਂ ਦੇ ਰਸਤੇ ਪੈ ਗਏ। ਇਹਨਾਂ ਮਸੰਦਾਂ ਦੀਆਂ ਗੱਦੀਆਂ ਲਈ ਝਗੜੇ ਸ਼ੁਰੂ ਹੋ ਗਏ। ਆਖਿਰ ਗੁਰੂ ਗੋਬਿੰਦ ਸਿੰਘ ਜੀ ਨੇ ਲੰਬਾ ਵਿਚਾਰ ਕੇ ਇਸ ਪ੍ਰਥਾ ਵਿੱਚ ਸੁਧਾਰ ਕਰਨ ਦੀ ਥਾਂ ਇਸ ਮਸੰਦ ਪ੍ਰਥਾ ਦਾ ਸਦਾ ਲਈ ਹੀ ਖਾਤਮਾ ਕਰ ਦਿੱਤਾ ਕਿਉਂਕਿ ਗੁਰੂ ਜੀ ਗੁਰਮਤਿ ਪ੍ਰਚਾਰ ਦੀ ਅਗਲੀ ਸਟੇਜ ਤੇ ਦੇਹ-ਗੁਰੂ ਪ੍ਰਥਾ ਨਾਲੋਂ ਸ਼ਬਦ-ਗੁਰੂ ਪ੍ਰਥਾ ਨਾਲ ਸੰਸਾਰ ਨੂੰ ਜੋੜਕੇ ਕਿਸੇ ਵੱਖਰੀ ਪੁਜਾਰੀ ਸ਼੍ਰੇਣੀ ਦੇ ਮੁਹਤਾਜ ਬਨਾਣ ਨਾਲੋਂ ਹਰ ਪ੍ਰਾਣੀ ਨੂੰ ਹੀ ਗੁਰਮਤਿ ਅਨੁਸਾਰੀ ਪੁਜਾਰੀ(ਸੁਕਿਰਤ ਕਰਦਿਆਂ ਰੱਬ ਨਾਲ ਜੁੜੇ ਰਹਿਣ ਵਾਲਾ) ਬਨਾਉਣਾ ਚਾਹੁੰਦੇ ਸਨ।

Monday, April 30, 2012

ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ


ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮਡਾ ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)
ਗੁਰੂ ਨਾਨਕ ਸਾਹਿਬ ਦੀ ਚਲਾਈ ਸਿੱਖ ਲਹਿਰ ਦੀ ਸਿਧਾਂਤਕ ਵਿਰੋਧਤਾ ਕਰਦੇ ਹੋਣ ਕਾਰਣ ਵੈਸੇ ਤਾਂ ਡੇਰੇਦਾਰ ਪ੍ਰਥਾ ਖਿਲਾਫ਼ ਹਮੇਸ਼ਾਂ ਹੀ ਕੁਝ ਨਾ ਕੁਝ ਜਾਗ੍ਰਿਤੀ ਲਹਿਰਾਂ ਚਲਦੀਆਂ ਰਹਿੰਦੀਆਂ ਹਨ ਪਰ ਜਿਓਂ ਹੀ ਸਮਾਜ ਵਿੱਚ ਇੰਟਰਨੈੱਟ ਦੀ ਵਰਤੋਂ ਵਧੀ ਹੈ, ਡੇਰੇਦਾਰਾਂ ਖਿਲਾਫ਼ ਮੁਹਿੰਮਾਂ ਵਿੱਚ ਅਚਾਨਕ ਤੇਜੀ ਆ ਗਈ ਹੈ। ਇਸਤੋਂ ਇਹ ਸਾਫ਼ ਹੋ ਗਿਆ ਹੈ ਕਿ ਲੋਕਾਂ ਦੇ ਅੰਦਰ ਡੇਰੇਦਾਰਾਂ ਦੁਆਰਾ ਕਰੀ ਜਾ ਰਹੀ ਸਮਾਜਿਕ ,ਆਰਥਿਕ ਅਤੇ ਮਾਨਸਿਕ ਲੁੱਟ ਖਿਲਾਫ਼ ਰੋਹ ਤਾਂ ਸੀ ਪਰ ਪ੍ਰਗਟਾਉਣ ਦੇ ਵਧੀਆ ਸਾਧਨਾਂ ਦੀ ਘਾਟ ਕਾਰਣ ਲੋਕ ਗੁੱਸਾ ਪੀ ਕੇ ਹੀ ਰਹਿ ਜਾਂਦੇ ਸਨ। ਸਾਡੇ ਸਮਾਜ ਦਾ ਕੁਝ ਮਹੌਲ ਹੀ ਇਸ ਤਰਾਂ ਹੁੰਦਾ ਹੈ ਕਿ ਧਾਰਮਿਕ ਮੇਕ-ਅੱਪ (ਧਾਰਮਿਕ ਦਿਖਾਉਣ ਲਈ ਵਰਤਿਆ ਪਹਿਰਾਵਾ) ਕਰਨ ਵਾਲਿਆਂ ਦਾ ਸਤਿਕਾਰ ਕਰਨਾਂ ਸੁੱਤੇ ਸਿੱਧ ਹੀ ਲਾਜਮੀ ਬਣਾ ਦਿੱਤਾ ਜਾਂਦਾ ਹੈ। ਬਚਪਨ ਵਿੱਚ ਹੀ ਬੱਚੇ ਦੇ ਪਾਲਣ ਪੋਸ਼ਣ ਤੋਂ ਹੀ ਇਹਨਾਂ ਡੇਰੇਦਾਰਾਂ ਦਾ ਪ੍ਰਭਾਵ ਇਸ ਤਰਾਂ ਸ਼ੁਰੂ ਹੋ ਜਾਂਦਾ ਹੈ ਕਿ ਪਰਿਵਾਰ ਅਤੇ ਸਮਾਜ ਵਿੱਚ ਸਹਿਜ ਸੁਭਾਵ ਜੀਅ ਰਹੇ ਬੱਚੇ ਨੂੰ ਪਤਾ ਹੀ ਨਹੀਂ ਚਲਦਾ ਕਿ ਕਦੋਂ ਉਸਨੂੰ ਇਸ ਡੇਰੇਦਾਰ ਪ੍ਰਥਾ ਦਾ ਚੇਲਾ ਬਣਾ ਦਿੱਤਾ ਜਾਂਦਾ ਹੈ। ਜਦੋਂ ਬੱਚਾ ਆਲਾ ਦੁਆਲਾ ਨਿਹਾਰਨ ਲਗਦਾ ਹੈ ਤਾਂ ਚੁਫੇਰੇ ਅੰਧਵਿਸ਼ਵਾਸਾਂ ਅਤੇ ਖਿਆਲੀ ਕ੍ਰਿਸ਼ਮਿਆਂ ਵਾਲਾ ਮਾਹੌਲ ਹੀ ਨਜ਼ਰ ਆਉੰਦਾ ਹੈ। ਜਦ ਨੂੰ ਬੱਚਾ ਜਵਾਨ ਹੁੰਦਾ ਹੈ ਤਾਂ ਕਈ ਵਾਰ ਮਜਬੂਰੀ ਵਸ ਕਈ ਵਾਰ ਦੇਖਾ-ਦੇਖੀ ਪਰਿਵਾਰਿਕ ਜਾਂ ਸਮਾਜਿਕ ਸਤਿਕਾਰ ਦੀ ਆੜ ਹੇਠ ਉਹ, ਉਹ ਸਭ ਕੁਝ ਕਰਨ ਲਗ ਜਾਦਾ ਹੈ ਜਿਸ ਨੂੰ ਕਰਨ ਜਾਂ ਮੰਨਣ ਲਈ ਭਾਂਵੇ ਉਸਦਾ ਮਨ ਰਾਜੀ ਨਹੀਂ ਹੁੰਦਾ। ਬਸ ਇਸੇ ਤਰਾਂ ਡੇਰਾਵਾਦ ਦਾ ਪਸਾਰਾ ਹੁੰਦਾ ਜਾਂਦਾ ਹੈ। ਜਿਸ ਤਰਾਂ ਸੌ ਵਾਰ ਬੋਲੇ ਝੂਠ ਨੂੰ ਅਣਜਾਣ ਬੰਦਾ ਸੱਚ ਸਮਝ ਬੈਠਦਾ ਹੈ ਬਸ ਇਸੇ ਤਰਾਂ ਡੇਰੇਦਾਰੀ ਵਾਲੇ ਮਹੌਲ ਵਿੱਚ ਪਲ਼ ਰਹੇ ਲੋਕਾਂ ਨਾਲ ਇਸ ਪ੍ਰਥਾ ਦਾ ਬੋਲਬਾਲਾ ਵਧਦਾ ਰਹਿੰਦਾ ਹੈ। 

Wednesday, March 28, 2012

ਇੰਤਹਾ-ਏ-ਇਸ਼ਕ


ਇੰਤਹਾ-ਏ-ਇਸ਼ਕ
ਇਸ਼ਕ ਇਸ਼ਕ ਤੇ ਹਰ ਕੋਈ ਆਖ ਲੈਂਦਾ ,
ਐਪਰ ਇਸ਼ਕ ਨਿਭਾਂਵਦਾ ਕੋਈ ਕੋਈ ।
ਅਜਬ ਪ੍ਰੇਮ ਵਾਲੇ ਗਜ਼ਬ ਚਾਓ ਅੰਦਰ ,
ਜਾਨ ਤਲੀ ਟਿਕਾਂਵਦਾ ਕੋਈ ਕੋਈ ।
ਜੱਗ ਇੱਕ ਪਾਸੇ ਸਿਦਕ ਇੱਕ ਪਾਸੇ ,
ਐਸਾ ਯਾਰ ਮਨਾਂਵਦਾ ਕੋਈ ਕੋਈ ।
ਵਾਅਦੇ ਕੀਤੇ “ਦਿਲਾਵਰ” ਜਿਹੇ ਦਿਲਵਰਾਂ ਨਾਲ ,
ਖਿੜੇ ਮੱਥੇ ਪੁਗਾਂਵਦਾ ਕੋਈ ਕੋਈ ।
ਇਹ ਹਨੇਰਿਆਂ ਨੂੰ ਕਿੱਦਾਂ ਚੀਰਨਾ ਏਂ ,
ਬਣਕੇ ਚਾਨਣ ਸਮਝਾਂਵਦਾ ਕੋਈ ਕੋਈ ।
ਲੋਕੀਂ ਤਾਰੇ ਬਣ ਜਾਣ ਦੀ ਗੱਲ ਕਰਦੇ ,
ਮਘਦਾ ਸੂਰਜ ਬਣ ਜਾਂਵਦਾ ਕੋਈ ਕੋਈ ।
ਸਿੰਘ ਅਤੇ ਸ਼ਹਾਦਤ ਦੀ ਜਿਵੇਂ ਬਣਦੀ ,
ਐਸੀ ਜੋੜੀ ਬਣਾਂਵਦਾ ਕੋਈ ਕੋਈ ।
ਮਿੱਟੀ, ਮਿੱਟੀ ਲਈ, ਮਿੱਟੀ ਬਣ ਮਿਟੀ ਜਾਵੇ ,
ਐਪਰ ਮਿੱਟੀ ਜੀਵਾਂਵਦਾ ਕੋਈ ਕੋਈ ।।
 ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Tuesday, March 20, 2012

ਸ੍ਰ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ


ਅੰਗ-ਦਾਨ ਦੀ ਵਸੀਅਤ !
ਹੁਕਮ ਸ਼ੇਰ ਨੂੰ ਫਾਂਸੀ ਦਾ ਜਦੋਂ ਸੁਣਿਆਂ,
ਸਿੱਖ ਜਗਤ ਅੰਦਰ ਹਾਹਾਕਾਰ ਹੋ ਗਈ ।
ਜਿਹੜੇ ਦੇਸ਼ ਲਈ ਫਾਂਸੀਆਂ ਰਹੇ ਚੜਦੇ,
ਦੇਖੋ ਉਹਨਾਂ ਦੀ ਦੁਸ਼ਮਣ ਸਰਕਾਰ ਹੋ ਗਈ ।
ਹੱਕ ਸੱਚ ਨੂੰ ਫਾਂਸੀ ਤੇ ਚਾੜਨੇ ਲਈ,
ਬਹੁ ਗਿਣਤੀ ਕਿਓਂ ਅੱਜ ਤਿਆਰ ਹੋ ਗਈ ।
ਸਿੱਖਾਂ ਵਾਸਤੇ ਸਾਂਝੇ ਕਾਨੂੰਨ ਹੀ ਨਹੀਂ,
ਰਾਜਨੀਤੀ ਹੀ ਅੱਜ ਬਦਕਾਰ ਹੋ ਗਈ ।

ਕੋਈ ਆਖਕੇ ਓਸਨੂੰ ਦੇਸ਼ ਧ੍ਰੋਹੀ,
ਉਹਨੂੰ ਫਾਂਸੀ ਚੜ੍ਹਾਉਣ ਦੀ ਗੱਲ ਕਰਦਾ ।
ਕੋਈ ਅਣਖ ਦਾ ਉਸਨੂੰ ਪ੍ਰਤੀਕ ਕਹਿਕੇ,
ਉੱਚੀ ਨਾਅਰੇ ਲਗਾਉਣ ਦੀ ਗੱਲ ਕਰਦਾ ।
ਕੋਈ ਸੰਗਤ ਦੇ ਭਾਰੀ ਦਬਾਅ  ਥੱਲੇ,
ਉਸਦੀ ਫਾਂਸੀ ਰੁਕਵਾਉਣ ਦੀ ਗੱਲ ਕਰਦਾ ।
ਕੋਈ ਸੂਰਮੇ ਸਿੰਘ ਦੇ ਨਾਮ ਉੱਤੇ,
ਆਪਣੀ ਨੀਤੀ ਚਮਕਾਉਣ ਦੀ ਗੱਲ ਕਰਦਾ ।

ਸ਼ੇਰ ਹੱਸ ਕੇ ਆਖਿਆ ਵੀਰਨੋ ਉਏ,
ਫਾਂਸੀ ਜਾਣ ਨਾਂ ਐਵੈਂ ਘਬਰਾ ਜਾਣਾ ।
ਮੌਤ ਨਾਲ ਸ਼ਹੀਦ ਦਾ ਜਨਮ ਹੁੰਦਾ,
ਖੁਸੀ ਜਨਮ ਦੀ ਤੁਸਾਂ ਮਨ੍ਹਾ ਜਾਣਾ ।
ਜਿਸ ਦਿਨ ਵੀ ਸਿੰਘ ਨੂੰ ਲੱਗੇ ਫਾਂਸੀ,
ਝੰਡੇ ਕੇਸਰੀ ਘਰੇ ਲਹਿਰਾਅ ਜਾਣਾ ।
ਅੰਗ-ਅੰਗ ਸ਼ਰੀਰ ‘ਚੋਂ ਕੱਢ ਮੇਰਾ,
ਲੋੜਵੰਦਾਂ ਦੇ ਤਾਂਈਂ ਪਹੁੰਚਾ ਜਾਣਾ ।।

ਅੰਗ ਦਾਨ ਦੀ ਜਿਹੜਾ ਵਸੀਅਤ ਕਰਦਾ,
ਕਾਹਤੋਂ ਉਸੇ ਨੂੰ ਫਾਂਸੀ ਦੀ ਲੋੜ ਜਾਪੇ ।
ਲੋਕਾਂ ਦਾ ਜੋ ਮਰਕੇ ਵੀ ਭਲਾ ਚਾਹਵੇ,
ਉਹਦੇ ਇਸ਼ਕ ਦਾ ਮੌਤ ਕਿਓਂ ਤੋੜ ਜਾਪੇ ।
ਜਿੱਥੇ ਹੱਕ-ਇਨਸਾਫ਼ ਨੂੰ ਮਿਲੇ ਫਾਂਸੀ,
ਲੋਕ ਤੰਤਰ ਨੂੰ ਹੋ ਗਿਆ ਕ੍ਹੋੜ ਜਾਪੇ ।
ਜੁਲਮ ਰੋਕਣ ਦੇ ਲਈ ਘੱਟ ਗਿਣਤੀਆਂ ਤੇ,
ਅੰਤਰ-ਦੇਸੀ ਕਾਨੂੰਨ ਦੀ ਥੋੜ ਜਾਪੇ ।।

ਰਹਿਮ ਵਾਲੀ ਅਪੀਲ ਜੋ ਨਹੀਂ ਕਰਦਾ,
ਲੋਕੋ ਓਸਦਾ ਸੋਚ ਆਧਾਰ ਦੇਖੋ ।
ਰੱਦ ਕਰ ਰਿਹਾ ਥੋਥੇ ਕਾਨੂੰਨ ਨੂੰ ਜੋ,
ਮਾਨਵ ਧਰਮ ਲਈ ਓਸਦਾ ਪਿਆਰ ਦੇਖੋ ।
ਦਮ ਤੋੜਨ ਇਨਸਾਫ ਦੀ ਝਾਕ ਅੰਦਰ,
ਲੱਖਾਂ ਲੋਕ ਅੱਜ ਬਣੇ ਲਾਚਾਰ ਦੇਖੋ ।
ਘੱਟ ਗਿਣਤੀ ਨੂੰ ਕਿੰਝ ਹੜੱਪ ਕਰਦਾ,
ਬਹੁ-ਗਿਣਤੀ ਦਾ ਘਾਤਕ ਹਥਿਆਰ ਦੇਖੋ ।।

ਆਓ ਸਿੰਘ ਬਲਵੰਤ ਤੋਂ ਸੇਧ ਲੈਕੇ,
ਰਸਤੇ ਆਪਣੇ ਅੱਜ ਰੁਸ਼ਨਾਅ ਲਈਏ ।
ਕੰਮ ਆਈਏ ਜਿਓਂਦੇ ਮਨੁੱਖਤਾ ਦੇ,
ਮਰਨੋ ਬਾਅਦ ਵੀ ਸੇਵਾ ਨਿਭਾਅ ਲਈਏ ।
ਜੇਕਰ ਜੀਵੀਏ, ਅਣਖ ਦੇ ਨਾਲ ਕੇਵਲ,
ਸਿੰਘਾ ਵਾਲੀ ਜ਼ਮੀਰ ਜਗਾਅ ਲਈਏ ।
ਹੱਕ,ਸੱਚ,ਇਨਸਾਫ ਲਈ ਜੂਝ ਮਰਨਾ,
ਏਹੋ ਜੀਵਨ ਆਦਰਸ਼ ਬਣਾਅ ਲਈਏ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)