Wednesday, October 19, 2011

ਸਾਧ ਬਨਾਮ ਵਿਦਵਾਨ


ਸਾਧ ਬਨਾਮ ਵਿਦਵਾਨ

ਦੋਨੋ ਚਾਹੁਣ ਮਰਿਆਦਾ ਦੇ ਵਿੱਚ ਸੋਧਾਂ,

ਇੱਕ ਸਾਧ ਤੇ ਦੂਜੇ ਵਿਦਵਾਨ ਲੋਕੋ ।

ਇੱਕ ਫਿਰਨ ਵਧਾਉਣ ਨੂੰ ਸਾਧ-ਲੀਲਾ,

ਕਰਮ-ਕਾਂਢ ਨੇ ਜਿਨਾਂ ਦੀ ਜਾਨ ਲੋਕੋ ।

ਚਾਹੁੰਦੇ ਅੰਧ-ਵਿਸ਼ਵਾਸ ਦਾ ਬੋਲਬਾਲਾ,

ਦੇਕੇ ਉਹਨੂੰ ਵਿਸ਼ਵਾਸ ਦਾ ਨਾਮ ਲੋਕੋ ।

ਗੁਰੂ-ਗਿਆਨ ਦਾ ਅੰਸ਼ਕ ਜੋ ਤੱਤ ਬਚਿਆ,

ਕੰਮ ਉਹਦਾ ਵੀ ਭਾਲਣ ਤਮਾਮ ਲੋਕੋ ।।

ਦੂਜੇ ਆਖਦੇ ਸਿੱਖ ਦੀ ਰਹਿਤ ਅੰਦਰ,

ਰਹਿਣ ਦੇਣਾ ਨਹੀਂ ਬਿਪਰ-ਨਿਸ਼ਾਨ ਲੋਕੋ ।

ਕੇਵਲ ਗੁਰੂ ਗਰੰਥ ਦੇ ਵਿੱਚ ਮਿਲਦਾ,

ਜੀਵਨ ਜਾਂਚ ਦਾ ਸਾਂਝਾ ਪੈਗਾਮ ਲੋਕੋ ।

ਸੱਚ-ਧਰਮ-ਵਿਵੇਕ ਦੀ ਨੀਂਹ ਉੱਤੇ ,

ਟਿਕਦਾ ਸਿੱਖੀ ਦਾ ਸੋਹਣਾ ਮਕਾਨ ਲੋਕੋ ।

ਜਦੋਂ ਜਗਤ ਵਿੱਚ ਸੱਚ ਦੀ ਗੱਲ ਚੱਲੀ,

ਗੁਰੂ ਗਰੰਥ ਹੀ ਬਣਨਾਂ ਸਵਿੰਧਾਨ ਲੋਕੋ ।।

ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

gsbarsal@gmail.com

Tuesday, October 11, 2011

ਕੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਸਨ ?

ਕੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਸਨ ?


ਇਸ ਲੇਖ ਦਾ ਵਿਸ਼ਾ ਪੰਜਾਬ ਵਿੱਚ ਖਾੜਕੂ ਲਹਿਰ ਦੌਰਾਨ ਉੱਭਰੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਨਿਭਾਏ ਰੋਲ ਦਾ ਨਹੀਂ ਹੈ ਨਾਂ ਹੀ ਅਕਾਲ ਤਖਤ ਜਾਂ ਗੁਰਦਵਾਰਿਆਂ ਦੀ ਅਜਿਹੇ ਕਾਜ ਲਈ ਵਰਤੋਂ ਜਾਂ ਉਸ ਲਹਿਰ ਦੌਰਾਨ ਹੋਏ ਲਾਭ/ਨੁਕਸਾਨ ਦੀ ਪੜ੍ਹਚੋਲ ਕਰਨਾ ਹੈ ਬਲਕਿ ਗੁਰਮਤਿ ਦੇ ਦ੍ਰਿਸ਼ਟੀਕੋਣ ਅਨੁਸਾਰ ਜਾਣੇ ਅਣਜਾਣੇ ਸਮੁੱਚੇ ਸਿੱਖ ਪੰਥ ਵਲੋਂ ਉਹਨਾਂ ਦੀ ਸ਼ਖਸ਼ੀਅਤ ਨੂੰ ਬਿਆਨਣ ਲਈ ਵਰਤੇ ਜਾਂਦੇ ਸੰਤ ਪਦ ਦੀ ਸਮੀਖਿਆ ਹੈ।

Wednesday, October 5, 2011

ਸੱਚ ਦਾ ਫੀਤਾ

ਸੱਚ ਦਾ ਫੀਤਾ
ਵੋਟਾਂ ਕਦੇ ਵੀ ਸੱਚ ਨੂੰ ਮਿਣਦੀਆਂ ਨਾਂ,
ਫੀਤਾ ਸੱਚ ਨੂੰ ਮਿਣਨ ਲਈ ਹੋਰ ਹੁੰਦਾ ।
ਪਾਸੇ ਰੱਖ ਦਿਮਾਗ ਵਿਚਾਰ ਵਾਲਾ,
ਗਿਣਨਾ ਸਿਰਾਂ ਨੂੰ ਤਾਂ ਪਾਉਣਾ ਸ਼ੋਰ ਹੁੰਦਾ ।
ਨੀਤੀਵਾਨਾਂ ਦੀ ਨੀਤੀ ਦੀ ਖੇਡ ਦੇਖੋ,
ਗਧੇ-ਘੋੜੇ ਜਾਂ ਸ਼ੇਰ ਤੇ ਭੇਡ ਇੱਕੋ ;
ਵੱਧ ਵੋਟਾਂ ਨਾਲ ਝੂਠ ਪਰਧਾਨ ਬਣਦਾ,
ਘੱਟ ਵੋਟਾਂ ਨਾਲ ਸੱਚ ਵੀ ਚੋਰ ਹੁੰਦਾ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, September 27, 2011

ਪਾਰਟੀ-ਨੀਤੀ


ਪਾਰਟੀ ਨੀਤੀ.... (ਵਿਅੰਗ)

 ਗੈਰਤ ਵਿਰੋਧੀਆਂ ਨੂੰ ਪਾਰਟੀ ‘ਚ ਖੁੱਲਾ ਸੱਦਾ,

ਆਓ ਰਲ਼ ਮਿਲ਼ ਕੇ ਪੰਜਾਬ ਨੂੰ ਡਕਾਰੀਏ ।

ਭੇਡਾਂ ਦਾ ਹੁੰਗਾਰਾ ਲੈ ਬਹਾਨਾਂ ਲੋਕ ਰਾਜ ਵਾਲਾ,

ਖਾਲੀ ਸਿਰ ਗਿਣੀਏ, ਦਿਮਾਗ ਦੁਰਕਾਰੀਏ ।।



ਗੁਰਮਤਿ ਵਿੱਚ ਭਾਵੇਂ ਵੋਟਾਂ ਦਾ ਸਿਧਾਂਤ ਹੈ ਨਹੀਂ,

ਤਾਂ ਵੀ ਗੁਰਦਵਾਰਿਆਂ ‘ਚ ਨੀਤੀ ਪਰਚਾਰੀਏ ।

ਚੋਣਾਂ ਵਿੱਚ ਸਾਡੇ ਜੋ ਵਿਰੁੱਧ ਚੋਣ ਲੜੇਗਾ ਤਾਂ,

ਦੁਸ਼ਮਣ ਪੰਥ ਦਾ ਕਹਿ ਉਹਨੂੰ ਫਿਟਕਾਰੀਏ ।।



ਸ਼ੇਰਾਂ ਦੀ ਉਲਾਦ ਕਿੰਝ ਗਿੱਦੜਾਂ ਦੇ ਵਸ ਪਾਉਣੀ,

ਚਾਣਕੀਆ ਨੀਤੀ ਨਾਲ ਬੈਠ ਕੇ ਵਿਚਾਰੀਏ ।

ਰੁਤਬਾ ਸ਼ਹੀਦਾਂ ਵਾਲਾ ਵੰਡੀਏ ਗ਼ਦਾਰਾਂ ਤਾਈਂ,

ਸੱਚੇ ਦੇਸ਼ ਭਗਤਾਂ ਨੂੰ ਸਿਰੇ ਤੋਂ ਨਿਕਾਰੀਏ ।।



ਸਾਡੀ ਖੁਸ਼ਹਾਲੀ ਲਈ ਸੀ ਜਿੰਦ ਜਾਨ ਵਾਰੀ ਜਿਨ੍ਹਾਂ,

ਕਿਸੇ ਮਰਜੀਵੜੇ ਨੂੰ ਕਦੇ ਨਾਂ ਚਿਤਾਰੀਏ ।

ਦੇਖਕੇ ਸਿੱਖਾਂ ਨੂੰ ਜਿਹੜੇ ਦੰਦੀਆਂ ਕਰੀਚਦੇ ਨੇ,

ਉਹਨਾਂ ਥੱਲੇ ਲੱਗ ਦਿਲ ਉਹਨਾਂ ਵਾਲੇ ਠਾਰੀਏ ।।



ਰੌਲਾ ਭਾਵੇਂ ਭ੍ਰਿਸ਼ਟਾਚਾਰੀ ਵਿਰੁੱਧ ਪਾਈ ਜਾਈਏ,

ਸੱਚ ਤੇ ਇਮਾਨਦਾਰੀ ਕਦੇ ਨਾਂ ਸਹਾਰੀਏ ।

ਨੀਤੀ ਵਾਲਾ ਨਵਾਂ ਗੁਰ ਸਿੱਖ ਲਓ ਜ਼ਮੀਰ ਮਾਰ,

ਦੋਖੀਆਂ ਨਾ ਯਾਰੀ ਲਾਕੇ ਦੋਸਤਾਂ ਨੂੰ ਚਾਰੀਏ ।।



ਇਖਲਾਕ ਵੱਲ ਕਦੇ ਦੇਖਣ ਦੀ ਲੋੜ ਨਹੀਓਂ,

ਹਰ ਹੀਲਾ ਵਰਤੀਏ , ਚੋਣਾਂ ਨਹੀਓਂ ਹਾਰੀਏ ।

ਛੱਡ ਕੇ ਵਿਰੋਧ ਜਿਹੜਾ ਸਾਡੇ ਨਾਲ ਆਊ ਉਹਨੂੰ,

ਦੁੱਧ ਧੋਤਾ ਆਖ, ਪਾਕੇ ਹਾਰ ਸਵੀਕਾਰੀਏ ।।



ਅਕਿਰਤਘਣ ਭਾਵੇਂ ਸਾਰਾ ਜੱਗ ਪਿਆ ਆਖੀ ਜਾਵੇ,

ਫੋਕਿਆਂ ਬਿਆਨਾ ਨਾਲ ਗੱਲੀਂ ਬਾਤੀਂ ਸਾਰੀਏ ।

ਦਿੱਖ ਭਾਂਵੇਂ ਉੱਪਰੋਂ ਇਮਾਨਦਾਰਾਂ ਵਾਲੀ ਲੱਗੇ,

ਬੇਈਮਾਨ ਸੱਜਣਾਂ ਨੂੰ ਕਦੇ ਨਾਂ ਵੰਗਾਰੀਏ ।।



ਧੇਲਾ ਭਾਵੇਂ ਹੋਵੇ ਨਾ ਵੀ ਪੱਲੇ ਕਿਸੇ ਯੋਜਨਾ ਲਈ,

ਨੀਂਹ ਪੱਥਰਾਂ ‘ਨਾ ਤਾਂ ਵੀ  ਧਰਤੀ ਸ਼ਿੰਗਾਰੀਏ ।

ਨਾਅਰਾ ਲਾਕੇ ਦੇਸ਼ ਚੋਂ ਗਰੀਬੀ ਮਾਰ ਘੱਤਣੇ ਦਾ,

ਜਿਨਾਂ ਹੋ ਸਕਿਆ ਗਰੀਬੜੇ ਹੀ ਮਾਰੀਏ।।



ਰੱਖੂ ਜੋ ਗੁਪਤ ਸਾਰੇ ਭੇਤ ਸਰਕਾਰ ਵਾਲੇ,

ਪਾਰਟੀ ‘ਚ ਉਸਦੀ ਸਥਿਤੀ ਨੂੰ ਸੁਧਾਰੀਏ ।

ਪਾਰਟੀ ਦੇ ਵਿੱਚ ਕੋਈ ਸੱਚ ਦੀ ਜੇ ਗੱਲ ਕਰੇ,

ਪਾਰਟੀ ਵਿਰੋਧੀ ਉਹਨੂੰ ਸਾਜਿਸ਼ ਪੁਕਾਰੀਏ ।।



ਵੋਟਾਂ ਮੰਗਣੇ ਲਈ ਭਾਵੇਂ ਦੋਨੋ ਹੱਥ ਜੋੜ ਲਈਏ,

ਵੋਟਾਂ ਪਿੱਛੋਂ ਹੱਥ ਦੇ ਘਸੁੰਨ ਨੂੰ ਉਲਾਰੀਏ ।

ਡਾਗਾਂ ਵਾਲੇ ਗਜਾਂ ਨਾਲ ਮਿਣੀਏ ਹਰੇਕ ਚੀਜ,

ਸੱਚ ਕਸਵੱਟੀ ਲਾਕੇ ਕਦੇ ਨਾਂ ਨਿਹਾਰੀਏ ।।



ਪਾਰਟੀ ਚ ਕਿਸੇ ਨੂੰ ਵੀ ਸਿਰ ਨਾ ਚੁੱਕਣ ਦਈਏ,

ਲੋਕਾਂ ਸਾਹਵੇਂ ਭਾਵੇਂ ਉਹਦੀ ਆਰਤੀ ਉਤਾਰੀਏ ।

 ਆਪਣੇ ਤੋਂ ਵੱਡਾ ਜੇ ਕੋਈ ਲੀਡਰ ਦਿਖਣ ਲੱਗੇ,

ਪਾਰਟੀ ਚੋਂ ਕੱਢੀਏ ਜਾਂ ਦੂਰ ਸਤਿਕਾਰੀਏ ।।



ਸੁੱਤੀ ਹੋਈ ਜਮੀਰ ਗੱਲ ਜਾਗਣੇ ਦੀ ਜੇ ਕਰੇ,

ਆਕਾ ਦਾ ਧਿਆਨ ਕਦੇ ਮਨੋ ਨਾ ਵਿਸਾਰੀਏ ।

ਸੇਵਾ ਤੇ ਭਲਾਈ ਵਾਲੀ ਨੀਤੀ ਹਾਥੀ ਦੰਦ ਰੱਖੋ,

ਪਾਰਟੀ ਦੀ ਨੀਤੀ ਸਦਾ ਮਨ ਵਿੱਚ ਧਾਰੀਏ ।।



ਕੁੱਟ ਖਾਕੇ ਭੁੱਲ ਜਾਂਦੇ ਜਲਦੀ ਹੀ ਲੋਕ ਸਾਡੇ,

ਚੋਣਾਂ ਨੇੜੇ ਜਾਕੇ ,ਪਾਕੇ ਚੋਗਾ ਪੁਚਕਾਰੀਏ ।

ਅਣਖਾਂ ਨੂੰ ਛੱਡਕੇ ਇਹ ਗਰਜਾਂ ‘ਨਾ ਜੁੜ ਚੁੱਕੇ,

ਨਵੀਂ ਬਾਜੀ ਦੇਖ ਜਿਵੇਂ ਜੁੜਦੇ ਜੁਆਰੀਏ ।।



ਧਰਮ ਦਾ ਕੁੰਡਾ ਕਦੇ ਨੀਤੀ ਉੱਤੇ ਰੱਖਣਾ ਨਹੀਂ,

ਧਰਮ ਨੂੰ ਰਾਜਨੀਤੀ ਉੱਤੋਂ ਸਦਾ ਵਾਰੀਏ ।

ਅਣਖ ਦੇ ਨਾਲ ਜਿਹਨੂੰ ਗੁਰਾਂ ਨੇ ਸਿਖਾਇਆ ਜੀਣਾ,

ਹੱਥ ਠੂਠਾ ਦੇ ਕੇ ਉਹਨੂੰ ਮੰਗਣ ਖਿਲਾਰੀਏ ।।



ਰਾਜਨੀਤੀ ਵਾਲੇ ਸਦਾ ਛਿੱਤਰ ‘ਨਾ ਘੁੱਗੀ ਮਾਰੋ,

ਬਣ ਕੇ ਸ਼ਿਕਾਰੀ ਨਾ ਨਿਸ਼ਾਨੇ ਤੇ ਹੰਕਾਰੀਏ ।

ਬਗਲੇ ਭਗਤ ਕੋਲੋਂ ਸਿੱਖੀਏ ਸਬਕ ਇੱਕ,

ਮੂੰਹ ਆਈ ਡੱਡੀ ਜੀ ਨੂੰ ਕਦੇ ਨਾ ਨਕਾਰੀਏ ।।



ਮੀਡੀਏ ਦੇ ਕੋਲ ਸਦਾ ਕਹੀਏ ਉੱਚੀ ਵਾਜ ਦੇਕੇ,

ਆਓ ‘ਰਣਜੀਤ’ ਜਿਹੇ ਰਾਜ ਨੂੰ ਉਸਾਰੀਏ ।

‘ਨੀਰੋ’ ਵਾਲੀ ਬੰਸਰੀ ਤੇ ਲੋਕਾਂ ਨੂੰ ਨੱਚਣ ਲਾਕੇ,

ਅਜ਼ਮਤ ਕੌਮ ਵਾਲੀ ਪਾਰਟੀ ‘ਤੋਂ ਵਾਰੀਏ ।।

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

Tuesday, September 13, 2011

ਸਹਿਜਧਾਰੀ


ਸਹਿਜਧਾਰੀ

ਅਵਸਥਾ ਸਹਿਜ ਦੀ ਹੁੰਦੀ ਏ ਬਹੁਤ ਵੱਡੀ ,

ਕੋਈ ਵਿਰਲਾ ਹੀ ਏਸ ਨੂੰ ਪਾ ਸਕਦਾ ।

ਸਹਿਜ ਜਿੰਦਗੀ ਵਿੱਚ ਜੇਕਰ ਆ ਜਾਵੇ ,

ਕੋਈ ਉਹਨੂੰ ਨਾ ਫੇਰ ਭਰਮ੍ਹਾ ਸਕਦਾ ।

ਆਪਾ ਵਾਰ ਦਿੰਦਾ , ਪਰ ਗਿਣਾਂਵਦਾ ਨਹੀਂ ,

ਸਹਿਜ ਐਸਾ ਮੁਕਾਮ ਲਿਆ ਸਕਦਾ ।

ਐਪਰ ਹਉਮੇਂ ਨੂੰ ਧਾਰਕੇ ਹੀ ਕੋਈ ,

ਸਹਿਜ ਧਾਰਨ ਦਾ ਫੱਟਾ ਲਗਵਾ ਸਕਦਾ ।

ਸਿੱਖੀ ਫਲਸਫੇ ਤੋਂ ਅਣਜਾਣ ਕਹਿੰਦੇ ,

ਸਹਿਜਧਾਰੀ ਤਾਂ ਸਿੱਖੀ ਵੱਲ ਆ ਰਿਹਾ ਏ ।

ਉਹ ਨਾ ਜਾਨਣ ਕਿ ਫਿਰਕਾ ਬਣਵਾ ਵੱਖਰਾ ,

ਕੋਈ ਸਿੱਖੀ ਨੂੰ ਖੋਰਾ ਲਗਵਾ ਰਿਹਾ ਏ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, September 6, 2011

ਭ੍ਰਿਸ਼ਟਾਚਾਰ


ਭ੍ਰਿਸ਼ਟਾਚਾਰ

ਭ੍ਰਿਸ਼ਟਾਚਾਰੀ ਸਮਾਜ ਸੁਧਾਰਨੇ ਲਈ,

ਗਾਂਧੀ-ਗਿਰੀ ਨਹੀਂ, ਹੱਥ ਕਰਾਰੇ ਹੋਵਣ।

ਥਾਂ ਅਮ੍ਰਿੰਤ ਦੇ ਜ਼ਹਿਰ ਨਾਲ ਜੋ ਪਲਦੇ,

ਕਿੱਦਾਂ ਸੋਚੀਏ ਮਿੱਠੇ ਪਿਆਰੇ ਹੋਵਣ।

ਬੇਈਮਾਨੀ ਅੱਜ ਇੱਕ ਸੰਸਕਾਰ ਬਣਕੇ,

ਸਾਡੇ ਜੀਵਨ ਦੇ ਵਿੱਚ ਸਮਾਅ ਗਈ ਏ;

ਹੱਕ ਰਹਿੰਦੇ ਨਹੀਂ ਨੈਤਿਕ-ਆਚਾਰ ਬਾਝੋਂ,

ਭਾਵੇਂ ਕਿੰਨੇ ਵੀ ਅੰਨਾ ਹਜਾਰੇ ਹੋਵਣ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, August 23, 2011

ਰਹਿਤ ਮਰਿਆਦਾ ਦਰਸ਼ਨ

ਰਹਿਤ ਮਰਿਆਦਾ ਦਰਸ਼ਨ

(ਪ੍ਰੋ ਸੁਰਜੀਤ ਸਿੰਘ ਨਨੂੰਆਂ ਦੀ ਪੁਸਤਕ ‘ਰਹਿਤ ਮਰਿਆਦਾ ਦਰਸ਼ਨ’ਵਾਰੇ, ਸਾਹਿਤ ਸਭਾ ਕੈਲੇਫੋਰਨੀਆਂ( ਬੇ-ਏਰੀਆ) ਵੱਲੋਂ ਕਰਵਾਈ ਗੋਸ਼ਟੀ ਮੌਕੇ ਗੁਰਮੀਤ ਸਿੰਘ ਬਰਸਾਲ ਵੱਲੋਂ ਪੜ੍ਹਿਆ ਗਿਆ ਲੇਖ)
ਰਹਿਤ ਮਰਿਆਦਾ ਦਾ ਸਿੱਧਾ ਜਿਹਾ ਭਾਵ-ਅਰਥ ਹੈ ਜੀਵਨ-ਜਾਂਚ। ਸੋ ਰਹਿਤ ਮਰਿਆਦਾ ਇੱਕ ਅਜਿਹਾ ਅਨੁਸ਼ਾਸਨ (ਡਸਿਪਲਿਨ) ਹੁੰਦਾ ਹੈ ਜਿਸਦਾ ਪਾਲਣ ਕਰਦਿਆਂ ਅਸੀਂ ਜਿੰਦਗੀ ਜਿਊਣੀ ਹੁੰਦੀ ਹੈ । ਸਿੱਖ ਰਹਿਤ ਮਰਿਆਦਾ ਦਾ ਮਤਲਬ ਸਿੱਖ ਗੁਰੂਆਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਵਿਧੀ ਅਤੇ ਫਲਸਫੇ ਅਨੁਸਾਰ ਹੀ ਮਨੁੱਖਾ ਜੀਵਨ ਲਈ ਅਨੁਸ਼ਾਸਨ ਘੜਨਾ ਹੈ।