Wednesday, October 5, 2011

ਸੱਚ ਦਾ ਫੀਤਾ

ਸੱਚ ਦਾ ਫੀਤਾ
ਵੋਟਾਂ ਕਦੇ ਵੀ ਸੱਚ ਨੂੰ ਮਿਣਦੀਆਂ ਨਾਂ,
ਫੀਤਾ ਸੱਚ ਨੂੰ ਮਿਣਨ ਲਈ ਹੋਰ ਹੁੰਦਾ ।
ਪਾਸੇ ਰੱਖ ਦਿਮਾਗ ਵਿਚਾਰ ਵਾਲਾ,
ਗਿਣਨਾ ਸਿਰਾਂ ਨੂੰ ਤਾਂ ਪਾਉਣਾ ਸ਼ੋਰ ਹੁੰਦਾ ।
ਨੀਤੀਵਾਨਾਂ ਦੀ ਨੀਤੀ ਦੀ ਖੇਡ ਦੇਖੋ,
ਗਧੇ-ਘੋੜੇ ਜਾਂ ਸ਼ੇਰ ਤੇ ਭੇਡ ਇੱਕੋ ;
ਵੱਧ ਵੋਟਾਂ ਨਾਲ ਝੂਠ ਪਰਧਾਨ ਬਣਦਾ,
ਘੱਟ ਵੋਟਾਂ ਨਾਲ ਸੱਚ ਵੀ ਚੋਰ ਹੁੰਦਾ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, September 27, 2011

ਪਾਰਟੀ-ਨੀਤੀ


ਪਾਰਟੀ ਨੀਤੀ.... (ਵਿਅੰਗ)

 ਗੈਰਤ ਵਿਰੋਧੀਆਂ ਨੂੰ ਪਾਰਟੀ ‘ਚ ਖੁੱਲਾ ਸੱਦਾ,

ਆਓ ਰਲ਼ ਮਿਲ਼ ਕੇ ਪੰਜਾਬ ਨੂੰ ਡਕਾਰੀਏ ।

ਭੇਡਾਂ ਦਾ ਹੁੰਗਾਰਾ ਲੈ ਬਹਾਨਾਂ ਲੋਕ ਰਾਜ ਵਾਲਾ,

ਖਾਲੀ ਸਿਰ ਗਿਣੀਏ, ਦਿਮਾਗ ਦੁਰਕਾਰੀਏ ।।



ਗੁਰਮਤਿ ਵਿੱਚ ਭਾਵੇਂ ਵੋਟਾਂ ਦਾ ਸਿਧਾਂਤ ਹੈ ਨਹੀਂ,

ਤਾਂ ਵੀ ਗੁਰਦਵਾਰਿਆਂ ‘ਚ ਨੀਤੀ ਪਰਚਾਰੀਏ ।

ਚੋਣਾਂ ਵਿੱਚ ਸਾਡੇ ਜੋ ਵਿਰੁੱਧ ਚੋਣ ਲੜੇਗਾ ਤਾਂ,

ਦੁਸ਼ਮਣ ਪੰਥ ਦਾ ਕਹਿ ਉਹਨੂੰ ਫਿਟਕਾਰੀਏ ।।



ਸ਼ੇਰਾਂ ਦੀ ਉਲਾਦ ਕਿੰਝ ਗਿੱਦੜਾਂ ਦੇ ਵਸ ਪਾਉਣੀ,

ਚਾਣਕੀਆ ਨੀਤੀ ਨਾਲ ਬੈਠ ਕੇ ਵਿਚਾਰੀਏ ।

ਰੁਤਬਾ ਸ਼ਹੀਦਾਂ ਵਾਲਾ ਵੰਡੀਏ ਗ਼ਦਾਰਾਂ ਤਾਈਂ,

ਸੱਚੇ ਦੇਸ਼ ਭਗਤਾਂ ਨੂੰ ਸਿਰੇ ਤੋਂ ਨਿਕਾਰੀਏ ।।



ਸਾਡੀ ਖੁਸ਼ਹਾਲੀ ਲਈ ਸੀ ਜਿੰਦ ਜਾਨ ਵਾਰੀ ਜਿਨ੍ਹਾਂ,

ਕਿਸੇ ਮਰਜੀਵੜੇ ਨੂੰ ਕਦੇ ਨਾਂ ਚਿਤਾਰੀਏ ।

ਦੇਖਕੇ ਸਿੱਖਾਂ ਨੂੰ ਜਿਹੜੇ ਦੰਦੀਆਂ ਕਰੀਚਦੇ ਨੇ,

ਉਹਨਾਂ ਥੱਲੇ ਲੱਗ ਦਿਲ ਉਹਨਾਂ ਵਾਲੇ ਠਾਰੀਏ ।।



ਰੌਲਾ ਭਾਵੇਂ ਭ੍ਰਿਸ਼ਟਾਚਾਰੀ ਵਿਰੁੱਧ ਪਾਈ ਜਾਈਏ,

ਸੱਚ ਤੇ ਇਮਾਨਦਾਰੀ ਕਦੇ ਨਾਂ ਸਹਾਰੀਏ ।

ਨੀਤੀ ਵਾਲਾ ਨਵਾਂ ਗੁਰ ਸਿੱਖ ਲਓ ਜ਼ਮੀਰ ਮਾਰ,

ਦੋਖੀਆਂ ਨਾ ਯਾਰੀ ਲਾਕੇ ਦੋਸਤਾਂ ਨੂੰ ਚਾਰੀਏ ।।



ਇਖਲਾਕ ਵੱਲ ਕਦੇ ਦੇਖਣ ਦੀ ਲੋੜ ਨਹੀਓਂ,

ਹਰ ਹੀਲਾ ਵਰਤੀਏ , ਚੋਣਾਂ ਨਹੀਓਂ ਹਾਰੀਏ ।

ਛੱਡ ਕੇ ਵਿਰੋਧ ਜਿਹੜਾ ਸਾਡੇ ਨਾਲ ਆਊ ਉਹਨੂੰ,

ਦੁੱਧ ਧੋਤਾ ਆਖ, ਪਾਕੇ ਹਾਰ ਸਵੀਕਾਰੀਏ ।।



ਅਕਿਰਤਘਣ ਭਾਵੇਂ ਸਾਰਾ ਜੱਗ ਪਿਆ ਆਖੀ ਜਾਵੇ,

ਫੋਕਿਆਂ ਬਿਆਨਾ ਨਾਲ ਗੱਲੀਂ ਬਾਤੀਂ ਸਾਰੀਏ ।

ਦਿੱਖ ਭਾਂਵੇਂ ਉੱਪਰੋਂ ਇਮਾਨਦਾਰਾਂ ਵਾਲੀ ਲੱਗੇ,

ਬੇਈਮਾਨ ਸੱਜਣਾਂ ਨੂੰ ਕਦੇ ਨਾਂ ਵੰਗਾਰੀਏ ।।



ਧੇਲਾ ਭਾਵੇਂ ਹੋਵੇ ਨਾ ਵੀ ਪੱਲੇ ਕਿਸੇ ਯੋਜਨਾ ਲਈ,

ਨੀਂਹ ਪੱਥਰਾਂ ‘ਨਾ ਤਾਂ ਵੀ  ਧਰਤੀ ਸ਼ਿੰਗਾਰੀਏ ।

ਨਾਅਰਾ ਲਾਕੇ ਦੇਸ਼ ਚੋਂ ਗਰੀਬੀ ਮਾਰ ਘੱਤਣੇ ਦਾ,

ਜਿਨਾਂ ਹੋ ਸਕਿਆ ਗਰੀਬੜੇ ਹੀ ਮਾਰੀਏ।।



ਰੱਖੂ ਜੋ ਗੁਪਤ ਸਾਰੇ ਭੇਤ ਸਰਕਾਰ ਵਾਲੇ,

ਪਾਰਟੀ ‘ਚ ਉਸਦੀ ਸਥਿਤੀ ਨੂੰ ਸੁਧਾਰੀਏ ।

ਪਾਰਟੀ ਦੇ ਵਿੱਚ ਕੋਈ ਸੱਚ ਦੀ ਜੇ ਗੱਲ ਕਰੇ,

ਪਾਰਟੀ ਵਿਰੋਧੀ ਉਹਨੂੰ ਸਾਜਿਸ਼ ਪੁਕਾਰੀਏ ।।



ਵੋਟਾਂ ਮੰਗਣੇ ਲਈ ਭਾਵੇਂ ਦੋਨੋ ਹੱਥ ਜੋੜ ਲਈਏ,

ਵੋਟਾਂ ਪਿੱਛੋਂ ਹੱਥ ਦੇ ਘਸੁੰਨ ਨੂੰ ਉਲਾਰੀਏ ।

ਡਾਗਾਂ ਵਾਲੇ ਗਜਾਂ ਨਾਲ ਮਿਣੀਏ ਹਰੇਕ ਚੀਜ,

ਸੱਚ ਕਸਵੱਟੀ ਲਾਕੇ ਕਦੇ ਨਾਂ ਨਿਹਾਰੀਏ ।।



ਪਾਰਟੀ ਚ ਕਿਸੇ ਨੂੰ ਵੀ ਸਿਰ ਨਾ ਚੁੱਕਣ ਦਈਏ,

ਲੋਕਾਂ ਸਾਹਵੇਂ ਭਾਵੇਂ ਉਹਦੀ ਆਰਤੀ ਉਤਾਰੀਏ ।

 ਆਪਣੇ ਤੋਂ ਵੱਡਾ ਜੇ ਕੋਈ ਲੀਡਰ ਦਿਖਣ ਲੱਗੇ,

ਪਾਰਟੀ ਚੋਂ ਕੱਢੀਏ ਜਾਂ ਦੂਰ ਸਤਿਕਾਰੀਏ ।।



ਸੁੱਤੀ ਹੋਈ ਜਮੀਰ ਗੱਲ ਜਾਗਣੇ ਦੀ ਜੇ ਕਰੇ,

ਆਕਾ ਦਾ ਧਿਆਨ ਕਦੇ ਮਨੋ ਨਾ ਵਿਸਾਰੀਏ ।

ਸੇਵਾ ਤੇ ਭਲਾਈ ਵਾਲੀ ਨੀਤੀ ਹਾਥੀ ਦੰਦ ਰੱਖੋ,

ਪਾਰਟੀ ਦੀ ਨੀਤੀ ਸਦਾ ਮਨ ਵਿੱਚ ਧਾਰੀਏ ।।



ਕੁੱਟ ਖਾਕੇ ਭੁੱਲ ਜਾਂਦੇ ਜਲਦੀ ਹੀ ਲੋਕ ਸਾਡੇ,

ਚੋਣਾਂ ਨੇੜੇ ਜਾਕੇ ,ਪਾਕੇ ਚੋਗਾ ਪੁਚਕਾਰੀਏ ।

ਅਣਖਾਂ ਨੂੰ ਛੱਡਕੇ ਇਹ ਗਰਜਾਂ ‘ਨਾ ਜੁੜ ਚੁੱਕੇ,

ਨਵੀਂ ਬਾਜੀ ਦੇਖ ਜਿਵੇਂ ਜੁੜਦੇ ਜੁਆਰੀਏ ।।



ਧਰਮ ਦਾ ਕੁੰਡਾ ਕਦੇ ਨੀਤੀ ਉੱਤੇ ਰੱਖਣਾ ਨਹੀਂ,

ਧਰਮ ਨੂੰ ਰਾਜਨੀਤੀ ਉੱਤੋਂ ਸਦਾ ਵਾਰੀਏ ।

ਅਣਖ ਦੇ ਨਾਲ ਜਿਹਨੂੰ ਗੁਰਾਂ ਨੇ ਸਿਖਾਇਆ ਜੀਣਾ,

ਹੱਥ ਠੂਠਾ ਦੇ ਕੇ ਉਹਨੂੰ ਮੰਗਣ ਖਿਲਾਰੀਏ ।।



ਰਾਜਨੀਤੀ ਵਾਲੇ ਸਦਾ ਛਿੱਤਰ ‘ਨਾ ਘੁੱਗੀ ਮਾਰੋ,

ਬਣ ਕੇ ਸ਼ਿਕਾਰੀ ਨਾ ਨਿਸ਼ਾਨੇ ਤੇ ਹੰਕਾਰੀਏ ।

ਬਗਲੇ ਭਗਤ ਕੋਲੋਂ ਸਿੱਖੀਏ ਸਬਕ ਇੱਕ,

ਮੂੰਹ ਆਈ ਡੱਡੀ ਜੀ ਨੂੰ ਕਦੇ ਨਾ ਨਕਾਰੀਏ ।।



ਮੀਡੀਏ ਦੇ ਕੋਲ ਸਦਾ ਕਹੀਏ ਉੱਚੀ ਵਾਜ ਦੇਕੇ,

ਆਓ ‘ਰਣਜੀਤ’ ਜਿਹੇ ਰਾਜ ਨੂੰ ਉਸਾਰੀਏ ।

‘ਨੀਰੋ’ ਵਾਲੀ ਬੰਸਰੀ ਤੇ ਲੋਕਾਂ ਨੂੰ ਨੱਚਣ ਲਾਕੇ,

ਅਜ਼ਮਤ ਕੌਮ ਵਾਲੀ ਪਾਰਟੀ ‘ਤੋਂ ਵਾਰੀਏ ।।

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

Tuesday, September 13, 2011

ਸਹਿਜਧਾਰੀ


ਸਹਿਜਧਾਰੀ

ਅਵਸਥਾ ਸਹਿਜ ਦੀ ਹੁੰਦੀ ਏ ਬਹੁਤ ਵੱਡੀ ,

ਕੋਈ ਵਿਰਲਾ ਹੀ ਏਸ ਨੂੰ ਪਾ ਸਕਦਾ ।

ਸਹਿਜ ਜਿੰਦਗੀ ਵਿੱਚ ਜੇਕਰ ਆ ਜਾਵੇ ,

ਕੋਈ ਉਹਨੂੰ ਨਾ ਫੇਰ ਭਰਮ੍ਹਾ ਸਕਦਾ ।

ਆਪਾ ਵਾਰ ਦਿੰਦਾ , ਪਰ ਗਿਣਾਂਵਦਾ ਨਹੀਂ ,

ਸਹਿਜ ਐਸਾ ਮੁਕਾਮ ਲਿਆ ਸਕਦਾ ।

ਐਪਰ ਹਉਮੇਂ ਨੂੰ ਧਾਰਕੇ ਹੀ ਕੋਈ ,

ਸਹਿਜ ਧਾਰਨ ਦਾ ਫੱਟਾ ਲਗਵਾ ਸਕਦਾ ।

ਸਿੱਖੀ ਫਲਸਫੇ ਤੋਂ ਅਣਜਾਣ ਕਹਿੰਦੇ ,

ਸਹਿਜਧਾਰੀ ਤਾਂ ਸਿੱਖੀ ਵੱਲ ਆ ਰਿਹਾ ਏ ।

ਉਹ ਨਾ ਜਾਨਣ ਕਿ ਫਿਰਕਾ ਬਣਵਾ ਵੱਖਰਾ ,

ਕੋਈ ਸਿੱਖੀ ਨੂੰ ਖੋਰਾ ਲਗਵਾ ਰਿਹਾ ਏ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, September 6, 2011

ਭ੍ਰਿਸ਼ਟਾਚਾਰ


ਭ੍ਰਿਸ਼ਟਾਚਾਰ

ਭ੍ਰਿਸ਼ਟਾਚਾਰੀ ਸਮਾਜ ਸੁਧਾਰਨੇ ਲਈ,

ਗਾਂਧੀ-ਗਿਰੀ ਨਹੀਂ, ਹੱਥ ਕਰਾਰੇ ਹੋਵਣ।

ਥਾਂ ਅਮ੍ਰਿੰਤ ਦੇ ਜ਼ਹਿਰ ਨਾਲ ਜੋ ਪਲਦੇ,

ਕਿੱਦਾਂ ਸੋਚੀਏ ਮਿੱਠੇ ਪਿਆਰੇ ਹੋਵਣ।

ਬੇਈਮਾਨੀ ਅੱਜ ਇੱਕ ਸੰਸਕਾਰ ਬਣਕੇ,

ਸਾਡੇ ਜੀਵਨ ਦੇ ਵਿੱਚ ਸਮਾਅ ਗਈ ਏ;

ਹੱਕ ਰਹਿੰਦੇ ਨਹੀਂ ਨੈਤਿਕ-ਆਚਾਰ ਬਾਝੋਂ,

ਭਾਵੇਂ ਕਿੰਨੇ ਵੀ ਅੰਨਾ ਹਜਾਰੇ ਹੋਵਣ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, August 23, 2011

ਰਹਿਤ ਮਰਿਆਦਾ ਦਰਸ਼ਨ

ਰਹਿਤ ਮਰਿਆਦਾ ਦਰਸ਼ਨ

(ਪ੍ਰੋ ਸੁਰਜੀਤ ਸਿੰਘ ਨਨੂੰਆਂ ਦੀ ਪੁਸਤਕ ‘ਰਹਿਤ ਮਰਿਆਦਾ ਦਰਸ਼ਨ’ਵਾਰੇ, ਸਾਹਿਤ ਸਭਾ ਕੈਲੇਫੋਰਨੀਆਂ( ਬੇ-ਏਰੀਆ) ਵੱਲੋਂ ਕਰਵਾਈ ਗੋਸ਼ਟੀ ਮੌਕੇ ਗੁਰਮੀਤ ਸਿੰਘ ਬਰਸਾਲ ਵੱਲੋਂ ਪੜ੍ਹਿਆ ਗਿਆ ਲੇਖ)
ਰਹਿਤ ਮਰਿਆਦਾ ਦਾ ਸਿੱਧਾ ਜਿਹਾ ਭਾਵ-ਅਰਥ ਹੈ ਜੀਵਨ-ਜਾਂਚ। ਸੋ ਰਹਿਤ ਮਰਿਆਦਾ ਇੱਕ ਅਜਿਹਾ ਅਨੁਸ਼ਾਸਨ (ਡਸਿਪਲਿਨ) ਹੁੰਦਾ ਹੈ ਜਿਸਦਾ ਪਾਲਣ ਕਰਦਿਆਂ ਅਸੀਂ ਜਿੰਦਗੀ ਜਿਊਣੀ ਹੁੰਦੀ ਹੈ । ਸਿੱਖ ਰਹਿਤ ਮਰਿਆਦਾ ਦਾ ਮਤਲਬ ਸਿੱਖ ਗੁਰੂਆਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਵਿਧੀ ਅਤੇ ਫਲਸਫੇ ਅਨੁਸਾਰ ਹੀ ਮਨੁੱਖਾ ਜੀਵਨ ਲਈ ਅਨੁਸ਼ਾਸਨ ਘੜਨਾ ਹੈ।

Wednesday, July 27, 2011

ਸੱਭਿਆਚਾਰ


ਸੱਭਿਆਚਾਰ

ਡਾ. ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)

ਆਇਆ ਜਦ ਤੋਂ ਮਨੁੱਖ ਜਹਾਨ ਅੰਦਰ,

ਕੁੱਲੀ,ਗੁੱਲੀ ਤੇ ਜੁੱਲੀ ਏ ਲੋੜ ਇਸਦੀ ।

ਇਹਨਾਂ ਲੋੜਾਂ ਨੂੰ ਪੂਰਿਆਂ ਕਰਨ ਖਾਤਿਰ,

ਬਣੀ ਸਭਿਅਤਾ ਹੋਰ ਤੋਂ ਹੋਰ ਇਸਦੀ ।।

ਲੋੜਾਂ ਤਨ ਦੀਆਂ ਪੂਰੀਆਂ ਕਰਨ ਪਿੱਛੋਂ,

ਖੁਸ਼ੀ ਗਮੀਂ ਦਾ ਇਹਨੂੰ ਅਹਿਸਾਸ ਹੋਇਆ ।

ਕਦੇ ਹੱਸਿਆ ਮਾਰ ਕਿਲਕਾਰੀਆਂ ਇਹ,

ਬਿਨਾ ਬੋਲਿਓਂ ਕਿਤੇ ਉਦਾਸ ਹੋਇਆ ।।

ਬਸ ਏਹੋ ਅਹਿਸਾਸਾਂ ਨੇ ਸੱਭਿਅਤਾ ਵਿੱਚ,

ਬੋਲੀ,ਗੀਤਾਂ ਤੇ ਸਾਜਾਂ ਨੂੰ ਥਾਂ ਦਿੱਤਾ ।

ਵਧੀ ਸੱਭਿਅਤਾ ਦੇ ਸੋਹਣੇ ਖੇਤਰਾਂ ਨੂੰ,

ਸੱਭਿਆਚਾਰ ਦਾ ਲੋਕਾਂ ਨੇ ਨਾਂ ਦਿੱਤਾ ।।

ਸੱਭਿਆਚਾਰ ਦੇ ਸ਼ਬਦ ਨੂੰ ਖੋਲੀਏ ਜੇ,

ਇੱਕ ‘ਸੱਭਿਅਕ’ ਤੇ ਦੂਜਾ ‘ਆਚਾਰ’ ਹੁੰਦੇ ।

ਲੋੜਾਂ ਤਨ ਤੇ ਮਨ ਦੀਆਂ ਪੂਰਨੇ ਲਈ,

ਕੀਤੇ ਲੋਕਾਂ ਦੇ ਚੰਗੇ ਵਿਹਾਰ ਹੁੰਦੇ ।।

ਸੱਭਿਆਚਾਰ ਦੀ ਕਿਸੇ ਵੀ ਗੱਲ ਅੰਦਰ,

ਧਰਮ-ਕਰਮ ਤੇ ਰੀਤੀ-ਰਿਵਾਜ ਆਉਂਦੇ ।

ਖਾਣ-ਪੀਣ, ਪਹਿਰਾਵਾ ਤੇ ਕਲਾ-ਕਿਰਤਾਂ,

ਭਾਈਚਾਰਾ, ਸੰਗੀਤ ਤੇ ਸਾਜ ਆਉਂਦੇ ।।

ਸੱਭਿਆਚਾਰ ਤੇ ਵਿਰਸੇ ਦੀ ਗੱਲ ਕਰਨੀ,

ਕਲਾਕਾਰਾਂ ਦਾ ਕੋਈ ਤਮਾਸ਼ਾ ਤੇ ਨਹੀਂ ।

ਗਾਉਣਾ-ਨੱਚਣਾ ਹੁੰਦਾ ਹੈ ਇੱਕ ਹਿੱਸਾ,

ਸੱਭਿਆਚਾਰ ਦੀ ਪੂਰੀ ਪਰਿਭਾਸ਼ਾ ਤੇ ਨਹੀਂ ।।

ਸੱਭਿਆਚਾਰ ਦੀ ਰਾਖੀ ਲਈ ਕਈ ਦਰਦੀ,

ਕਲਾਕਾਰਾਂ ਦੇ ਮੇਲੇ ਕਰਵਾਉਣ ਲੱਗ ਪਏ ।

ਗੰਦੇ ਗੀਤਾਂ ਦਾ ਰਹਿੰਦਾ ਏ ਬੋਲਬਾਲਾ,

ਚੰਗੇ ਗੀਤਾਂ ਨੂੰ ਪਿੱਛੇ ਹਟਾਉਣ ਲੱਗ ਪਏ ।।

ਜੇਕਰ ਪੁਛੀਏ ਸਟੇਜ ਪਰਬੰਧਕਾਂ ਨੂੰ,

ਕਲਾਕਾਰਾਂ ਨੂੰ ਝੱਟ ਆਰੋਪ ਦਿੰਦੇ ।

ਕਲਾਕਾਰ ਨਾ ਕਦੇ ਕਸੂਰ ਮੰਨਦੇ,

ਅੱਗੋਂ ਦਰਸ਼ਕਾਂ ਦੇ ਸਿਰ ਤੇ ਥੋਪ ਦਿੰਦੇ ।।

ਲਿਖਣ ਵਾਲਾ ਉਸਾਰੂ ਜੇ ਗੀਤ ਲਿਖਦਾ,

ਗਾਉਣ ਵਾਲਾ ਵੀ ਫਰਜ ਪਹਿਚਾਣ ਲੈਂਦਾ ।

ਸੁਣਨ ਵਾਲੇ ਵੀ ਉਹੀ ਫਰਮਾਇਸ਼ ਕਰਦੇ,

ਕਲਾਕਾਰ ਇਹ ਸਭ ਕੁਝ ਠਾਣ ਲੈਂਦਾ ।।

ਚੰਗੇ ਵਿਰਸੇ ਦੀ ਭੁੱਲ ਪਛਾਣ ਲੋਕੀਂ,

ਪੱਛਮ ਵੱਲ ਨੂੰ ਨਜਰਾਂ ਘੁਮਾਉਣ ਲੱਗ ਪਏ ।

ਗੁਰੂਆਂ,ਭਗਤਾਂ,ਸ਼ਹੀਦਾਂ ਨੂੰ ਭੁੱਲ ਕੇ ਤੇ,

ਗੀਤਕਾਰਾਂ ਦੀ ਬਰਸੀ ਮਨਾਉਣ ਲਗ ਪਏ ।।

ਗੀਤਕਾਰਾਂ ਤੇ ਕਵੀਆਂ ਦੀ ਗੱਲ ਛੱਡੋ,

ਬੂਹੇ ਸ਼ਰਮ ਤੇ ਹਿਆ ਦੇ ਭੇੜ ਦਿੱਤੇ ।

ਮਾਂ-ਭੈਣ ਨੂੰ ਰੱਖ ਕੇ ਇੱਕ ਪਾਸੇ,

ਰਿਸ਼ਤੇ ਬਾਕੀ ਦੇ ਸੱਭੇ ਲਬੇੜ ਦਿੱਤੇ ।।

ਹਾਸੇ-ਠੱਠੇ ਤੇ ਪਿਆਰ ਨੂੰ ਦੂਰ ਕਰਕੇ,

ਲੱਚਰ ਗੀਤਾਂ ਦੀ ਇਹਨਾਂ ਦੁਕਾਨ ਕੀਤੀ ।

ਭਾਬੀ,ਸਾਲੀ ਤੇ ਸਾਲੇਹਾਰ ਦੇ ਨਾਲ,

ਨਨਾਣ ਭੈਣ ਦੀ ਬਹੁਤ ਬਦਨਾਮ ਕੀਤੀ ।।

ਗਿੱਧੇ ਬੋਲੀਆਂ ਵਿੱਚ ਵੀ ਜ਼ਹਿਰ ਘੋਲੀ,

ਨੂੰਹ-ਸਹੁਰੇ ‘ਚ ਨਫਰਤ ਵਧਾ ਦਿੱਤੀ ।

ਇਹਨਾਂ ਜੇਠ ਨੂੰ ਲੱਸੀ ਸੀ ਕੀ ਦੇਣੀ,

ਸੰਦੂਕਾਂ ਉਹਲੇ ਹੀ ਸਸ ਕੁਟਵਾ ਦਿੱਤੀ ।।

ਹੀਰ ਰਾਂਝੇ ਤਾਂ ਦੇਣ ਨੇ ਪਿਕਚਰਾਂ ਦੀ,

ਮੱਤ ਗਾਹਾਂ ਦੀ ਟੀ ਵੀ ਸਖਾਈ ਜਾਂਦਾ ।

ਮਾੜੇ ਕੰਮਾਂ ਦੇ ਕਾਰਣ ਜੋ ਉਪਜਦੇ ਨੇ,

ਰੋਗੋਂ ਬਚਣ ਦੇ ਢੰਗ ਸੁਣਾਈ ਜਾਂਦਾ ।।

ਟੀ ਵੀ ਟੱਬਰ ਨਹੀਂ ਬੈਠਕੇ ਦੇਖ ਸਕਦਾ,

ਸਾਡੀ ਸੱਭਿਅਤਾ ਕਿੱਧਰ ਨੂੰ ਜਾ ਰਹੀ ਏ ।

ਸ਼ਰਮ ਆਂਵਦੀ ਪੁੱਛਦੇ ਜਦੋਂ ਬੱਚੇ,

ਇਹ ਮਸ਼ਹੂਰੀ ਜਿਹੀ ਕਾਸਦੀ ਆ ਰਹੀ ਏ ।।

ਨਵੀਂ ਸੱਭਿਅਤਾ ਨੇ ਸਕੂਲਾਂ ਕਲਜਾਂ ਵਿੱਚ,

ਆਪ ਹੁਦਰੇ ਵਿਆਹਾਂ ਦੀ ਰਸਮ ਤੋਰੀ ।

ਲਵ-ਮੈਰਜਾਂ ਆਖ ਵਡਿਆਉਣ ਇਸਨੂੰ,

ਖਿੱਚ ਮੁੱਕੀ ਤੋਂ ਟੁੱਟਦੇ ਪੋਰੋ-ਪੋਰੀ ।।

ਮਾਪੇ ਆਖਦੇ ਬੱਚੇ ਨੇ ਪੜ੍ਹਨ ਭੇਜੇ,

ਫਿਰਦੇ ਅੱਜ ਬਣਾਈ ਓਹ ਜੋੜੀਆਂ ਨੇ ।

ਪੱਗਾਂ,ਚੁੰਨੀਆਂ ਉੱਡ ਗੀਆਂ ਸਿਰਾਂ ਉਤੋਂ,

ਸ਼ਰਮਾਂ ਰਹਿੰਦੀਆਂ ਉੱਡਣੋਂ ਥੋੜੀਆਂ ਨੇ ।।

ਅਜੋਕੇ ਮਨੁੱਖ ਤੋਂ ਚੰਗੇ ਸੀ ਆਦਿ ਵਾਸੀ,

ਪੱਤਿਆਂ ਨਾਲ ਸੀ ਅੰਗਾਂ ਨੂੰ ਢਕੀ ਜਾਂਦੇ ।

ਕਹਿੰਦੇ ਸੱਭਿਅਤਾ ਵਿੱਚ ਨਿਖਾਰ ਆਇਆ,

ਕੱਪੜੇ ਪੱਤਿਆਂ ਨਾਲੋਂ ਵੀ ਘਟੀ ਜਾਂਦੇ ।।

ਆਚਰਣ-ਹੀਣਤਾ ਤੋਂ ਉਪਜੇ ਰੋਗ ਜਿਹੜੇ,

ਯੌਰਪ,ਪੱਛਮ ਤੋਂ ਕਾਬੂ ਨਹੀਂ ਆਉਣ ਲੱਗੇ ।

ਹਾਰ ਹੰਭ ਵੱਡੇ ਸਾਇਂਸ ਦਾਨ ਸਾਰੇ,

ਸਾਡੇ ਵਿਰਸੇ ਨੂੰ ਸੀਸ ਝਕਾਉਣ ਲੱਗੇ ।।

ਕਾਮ,ਕ੍ਰੋਧ ਤੇ ਲੋਭ,ਮੋਹ ਵਸ ਕਰਨੇ

ਸਿਰਫ ਸਾਡਾ ਹੀ ਸੱਭਿਆਚਾਰ ਕਹਿੰਦਾ ।

ਸ਼ਾਇਦ ਏਸੇ ਲਈ ਸਾਰੇ ਸੰਸਾਰ ਵਿੱਚੋਂ,

ਸਾਡੇ ਵਿਰਸੇ ਦਾ ਕੇਵਲ ਸਤਿਕਾਰ ਰਹਿੰਦਾ ।।

ਦਲ-ਦਲ ਨੂੰ ਜਿਹੜੇ ਪਸੰਦ ਕਰਦੇ,

ਉਹਨਾਂ ਗਰਕ ਵੀ ਉਸੇ ਵਿੱਚ ਹੋ ਜਾਣਾ ।

ਰਹਿਣੀ ਸਾਡੀ ਹੀ ਸੱਭਿਅਤਾ ਜੱਗ ਉੱਤੇ,

ਭਈਚਾਰੇ ਨੂੰ ਜਿਹਨੇ ਪਰੋਅ ਜਾਣਾ ।।

ਸਾਡਾ ਵਿਰਸਾ ਅਮੀਰ ਹੈ ਜੱਗ ਕੋਲੋਂ,

ਭਾਵੇਂ ਅੱਜ ਵੇਖੋ ਭਾਵੇਂ ਕੱਲ ਵੇਖੋ ।

ਸਭਿਆਚਾਰ ਸਾਡਾ ਹਾਕਾਂ ਮਾਰਦਾ ਹੈ ,

ਇੱਕ ਵਾਰ ਤਾਂ ਏਸਦੇ ਵੱਲ ਵੇਖੋ ।।










Monday, July 18, 2011

ਧਰਮ-ਰਾਜਨੀਤੀ ਬਨਾਮ ਮਜ਼ਹਬ-ਰਾਜਨੀਤੀ

ਧਰਮ-ਰਾਜਨੀਤੀ ਬਨਾਮ ਮਜ਼ਹਬ-ਰਾਜਨੀਤੀ

ਡਾ .ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਧਰਮ ਜਾਂ ਮਜ਼ਹਬ ਦੇ ਅਰਥ ਕਰਨ ਲੱਗਿਆਂ ਅਸੀਂ ਅਕਸਰ ਹੀ ਮੋਟੇ ਤੌਰ ਤੇ ਸਿੱਧੇ ਜਿਹੇ ਢੰਗ ਨਾਲ ਇੰਝ ਸੋਚਦੇ ਹਾਂ ਕਿ ਧਰਮ ਸ਼ਬਦ ਸ਼ਾਇਦ ਸਿੱਖ ਜਾਂ ਹਿੰਦੂ ਵਰਤਦੇ ਹਨ , ਮਜ਼ਹਬ ਸ਼ਬਦ ਮੁਸਲਮਾਨ ਵਰਤਦੇ ਹਨ , ਰਿਲਿਜ਼ਨ ਸ਼ਬਦ ਇਸਾਈ ਅਤੇ ਯਹੂਦੀ ਵਰਤਦੇ ਹਨ ਪਰ ਅਰਥ ਸਭ ਦਾ ਇੱਕ ਹੀ ਹੈ । ਅਸਲ ਵਿੱਚ ਅਜਿਹਾ ਨਹੀਂ ਹੈ । ਸ਼ਬਦਾਂ ਦੇ ਅਰਥ ਕਰਨ ਲੱਗਿਆਂ ਉਹਨਾਂ ਸ਼ਬਦਾਂ ਦੇ ਹੋਂਦ ਵਿੱਚ ਆਉਣ ਦਾ ਸਮਾਂ , ਪ੍ਰਸਥਿਤੀਆਂ , ਸ਼ਬਦ ਪਿੱਛੇ ਲੁਕੇ ਸੰਕਲਪ ਅਤੇ ਪ੍ਰਗਟ ਹੋ ਰਹੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਜਰੂਰਤ ਹੁੰਦੀ ਹੈ । ਕਈ ਵਾਰ ਵੱਖ ਵੱਖ ਬੋਲੀਆਂ ਵਿੱਚ ਵਰਤੇ ਜਾ ਰਹੇ ਅਤੇ ਇੱਕੋ ਤਰਾਂ ਲੱਗਣ ਵਾਲੇ ਸ਼ਬਦਾ ਦੇ ਅਰਥਾਂ ਪਿਛਲੇ ਭਾਵ ਵੀ ਇੱਕ ਨਹੀਂ ਹੁੰਦੇ ।