Monday, June 13, 2011

ਫੇਸਬੁੱਕ-ਹੈਕਿੰਗ


ਫੇਸਬੁੱਕ-ਹੈਕਿੰਗ

ਐਵੇਂ ਭਰਮ ਹੈ ਸਾਡਿਆਂ ਹੈਕਰਾਂ ਨੂੰ ,

ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ।

ਦੋ ਦਿਨਾ ਚ ਨਵਾਂ ਗਰੁੱਪ ਬਣਕੇ ,

ਕੱਠੇ ਹੋ ਗਏ ਹਾਂ ਦਸ ਹਜਾਰ ਲੋਕੋ ।

ਸਾਡੀ ਸੋਚ ਕੋਈ ਹੈਕ ਨਹੀਂ ਕਰ ਸਕਦਾ ,

ਭਾਵੇਂ ਹੈਕਰਾਂ ਦੀ ਹੈ ਭਰਮਾਰ ਲੋਕੋ ।

ਜੋਕਾਂ ਧਰਮ ਦੇ ਨਾਮ ਤੇ ਪਲਦੀਆਂ ਜੋ ,

ਤੋੜ ਸੁੱਟਣੀਆਂ ਪੈਣੀਆਂ ਬਾਹਰ ਲੋਕੋ ।।

ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Monday, June 6, 2011

ਅਜੋਕੇ-ਪ੍ਰਬੰਧਕ


ਅਜੋਕੇ-ਪ੍ਰਬੰਧਕ
ਗੁਰਦਵਾਰਿਆਂ ਵਿੱਚ ਘੁਸਪੈਠ ਕਰਕੇ ,
ਭੇਖੀ ਕਿਹੋ ਜਿਹੇ ਚੰਦ ਚੜ੍ਹਾਉਣ ਲੱਗ ਪਏ ।
ਅਖਾਉਤੀ ਚੌਧਰ ਤੇ ਪਕੜ ਵਧਾਉਣ ਖਾਤਿਰ ,
ਬੁੱਧੂ ਸੰਗਤ ਨੂੰ ਦੇਖੋ ਬਣਾਉਣ ਲੱਗ ਪਏ ।
ਗੁਰਦਵਾਰੇ ਸਕੂਲ ਗੁਰ-ਗਿਆਨ ਦੇ ਸੀ ,
ਪੂਜਾ ਨਾਲ ਹੀ ਸੰਗਤ ਪਰਚਾਉਣ ਲੱਗ ਪਏ ।
ਗੁਰੂ ਗ੍ਰੰਥ ਜੀ ਨੂੰ ਚੈਲੇਂਜ ਕਰਨ ਵਾਲੇ ,
ਡੇਰੇ ਮਾਰਕਾ ਸਾਧ ਲਿਆਉਣ ਲੱਗ ਪਏ ।
ਪੁਰਾਤਨ ਪੋਥੀਆਂ ਦੇ ਦਰਸ਼ਣ ਆਖਕੇ ਤੇ ,
ਬਚਿੱਤਰ ਨਾਟਕ ਨੂੰ ਮੱਥੇ ਟਿਕਾਉਣ ਲੱਗ ਪਏ ।
ਕਰਮ ਗੁਰੂ ਦੀ ਮੱਤ ਨਾਲ ਕਰਨ ਨਾਲੋਂ ,
ਦਿੱਖ-ਭੇਖ ਨੂੰ ਕੇਵਲ ਵਡਿਆਉਣ ਲੱਗ ਪਏ ।
ਪਿੱਠ ਕਰਕੇ ਗੁਰੂ ਦੇ ਫਲਸਫੇ ਵੱਲ ,
ਕੇਵਲ ਗੋਲਕ-ਵਪਾਰ ਚਲਾਉਣ ਲੱਗ ਪਏ ।
ਗੁਰੂ-ਗਿਆਨ ਦੀ ਮਹਿਕ ਖਿੰਡਾਉਣ ਨਾਲੋਂ ,
ਪਾਠਾਂ-ਭੋਗਾਂ ਦੀ ਸੇਲ ਲਗਾਉਣ ਲੱਗ ਪਏ ।
ਬਾਣੀ ਸਮਝ-ਸਮਝਾਕੇ ਪੜਨ ਨਾਲੋਂ ,
ਤੋਤਾ ਰਟਨੀ ਦੇ ਘੋੜੇ ਭਜਾਉਣ ਲੱਗ ਪਏ ।
ਛੱਡ ਕੇ ਨਿਮਰਤਾ,ਮਿੱਠਤ ਤੇ ਰਾਹ ਸੱਚਾ ,
ਨੀਤੀ ਖੇਡਣ ਤੇ ਅੱਗੇ ਖਿਡਾਉਣ ਲੱਗ ਪਏ ।
ਪੱਠੇ ਆਪਣੀ ਹਉਮੇ ਨੂੰ ਪਾ ਕੇ ਤੇ ,
ਸੇਵਾਦਾਰ ਦਾ ਭਰਮ ਜਤਲਾਉਣ ਲੱਗ ਪਏ ।
ਸੂਰਜ ਸੱਚ ਦਾ ਘੇਰ ,ਹੰਕਾਰ,ਬੱਦਲ ,
ਲੰਬੇ ਨ੍ਹੇਰ ਦਾ ਭਰਮ ਹੁਣ ਪਾਉਣ ਲੱਗ ਪਏ ।
ਡਾ ਗੁਰਮੀਤ ਸਿੰਘ ਬਰਸਾਲ( ਕੈਲੇਫੋਰਨੀਆਂ)
gsbarsal@gmail.com
 

Tuesday, May 17, 2011

“ਸੰਤਾਂ ਦੇ ਕੌਤਕ” ਫੇਸਬੁੱਕ ਗਰੁੱਪ ਦੇ ਨਾਂ


“ਸੰਤਾਂ ਦੇ ਕੌਤਕ” ਫੇਸਬੁੱਕ ਗਰੁੱਪ ਦੇ ਨਾਂ

ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।

ਖਿੱਲੀ ਉੱਡਦੀ ਏ , ਇੰਟਰ ਨੈੱਟ ਸਹਾਰੇ ।।



ਰੋਜੀ-ਰੋਟੀ , ਦੇ ਉਲਝਾਏ ।

ਠੱਗਾਂ ਲੱਖਾਂ , ਭੇਖ ਬਣਾਏ ।

ਗਿੱਟਿਆਂ ਤਿੱਕਰ , ਚੋਲੇ ਪਾਕੇ ;

ਸਿੱਧੇ-ਸਾਦੇ , ਲੋਕ ਫਸਾਏ ।

ਆਖਿਰ ਇੱਕ ਦਿਨ ,ਅੱਕ ਕੇ ਹਰ ਕੋਈ ,

ਵਧਕੇ ਛਿੱਤਰ ਮਾਰੇ ।

ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਸਾਂਝੇ ਰੱਬ ਤੋਂ , ਮੋੜ-ਮੋੜ ਕੇ ।

ਡੇਰਿਆਂ ਦੇ ਨਾਲ , ਜੋੜ-ਜੋੜ ਕੇ ।

ਸਾਧ ਵਿਚੋਲੇ , ਬਣ ਕੇ ਬਹਿ ਗਏ ;

ਗੁਰਬਾਣੀ ਤੋਂ , ਤੋੜ-ਤੋੜ ਕੇ ।

ਸਾਡਾ ਬਾਬਾ , ਰੱਬ ਦਾ ਪੀ-ਏ ,

ਚੇਲੇ ਕਹਿਣ ਵਿਚਾਰੇ ।

 ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਧਨ-ਜੋਬਨ ਦੇ , ਇਹ ਸ਼ਿਕਾਰੀ ।

ਸ਼ੋਹਰਤ ਇਹਨਾ ਦੀ , ਮੱਤ ਮਾਰੀ ।

ਮਾਇਆ ਨਾਗਣ , ਦੱਸਕੇ ਸੱਭ ਨੂੰ ;

ਆਪਣੇ ਭਰਦੇ , ਮਹਿਲ-ਅਟਾਰੀ ।।

ਐਸ਼ੋ-ਇਸ਼ਰਤ , ਵਾਲਾ ਜੀਵਨ ,

ਬੈਠੇ ਲੈਣ ਨਜਾਰੇ ।

ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਫੇਸ-ਬੁੱਕ ਦਾ , ਸਮਾਂ ਸੀ ਆਇਆ ।

ਮੁੰਡਿਆਂ ਇੱਕ , ਗਰੁੱਪ ਬਣਾਇਆ ।

“ਸੰਤਾਂ ਦੇ ਕੌਤਕ” , ਨਾਂ ਰੱਖਕੇ ;

ਪੋਲ ਖੋਲਣੀ , ਮਨ ਵਿੱਚ ਧਾਇਆ ।।

ਜੋ-ਜੋ ਸਾਂਧਾਂ , ਲੁਕ-ਲੁਕ ਕੀਤੇ ,

ਨੰਗੇ ਕਰਤੇ ਕਾਰੇ ।

 ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਕੋਈ ਸਾਧ , ਟੱਟੂ  ਤੇ ਚੜਿਆ ।

ਕੋਈ ਸਾਧ , ਹੈ ਪੁੱਠਾ ਖੜਿਆ ।

ਮਿਹਨਤ-ਕਸ਼ , ਖੁਦਕੁਸ਼ੀਆਂ ਕਰਦੇ ;

ਉਹਨਾਂ ਖਾਤਿਰ , ਕੋਈ ਨਾ ਲੜਿਆ ।।

ਮਨਮਤਿ ਖਾਤਿਰ , ਭੋਰੇ ਪੱਟੇ ,

ਸੱਚ ਖੰਡ ਪਰਚਾਰੇ ।

ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਸਾਧਾਂ ਦਾ ਡਰ , ਰਿਹਾ ਨਾ ਕਾਈ ।

ਲੋਕਾਂ ਸਭ ਦੀ , ਰੇਲ ਬਣਾਈ ।

ਸਾਧ-ਸੰਤ ਦੀ , ਕੀ ਪਰਿਭਾਸ਼ਾ ?

ਗੁਰਮਤਿ ਦੀ , ਕਸਵੱਟੀ ਲਾਈ ।।

ਕਿਰਤੀ ਲੋਕੀਂ ,ਜਾਗਣ ਲੱਗ ਪਏ ,

ਠੱਗ ਗਏ ਦੁਰਕਾਰੇ ।

 ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।

ਖਿੱਲੀ ਉਡਦੀ ਏ , ਇੰਟਰ ਨੈਟ ਸਹਾਰੇ ।।

Tuesday, May 10, 2011

ਅਜੋਕੇ-ਲੇਖਕ

ਅਜੋਕੇ-ਲੇਖਕ


ਦੇਖੋ ਤਰਾਸਦੀ ਅੱਜ ਦੇ ਲੇਖਕਾਂ ਦੀ ,

ਅੱਖਰ-ਜਾਲ ਬਣਾਉਣ ਦੀ ਕਰੀ ਜਾਂਦੇ ।

ਛੱਡ ਭਾਵਨਾ ਸਿੱਖਣ-ਸਿਖਾਉਣ ਵਾਲੀ ,

ਨੀਤੀ ਜਿੱਤਣ-ਹਰਾਉਣ ਦੀ ਕਰੀ ਜਾਂਦੇ ।

ਜਦੋਂ ਤਰਕ ਦਲੀਲ ਨਾ ਸਾਥ ਦੇਵੇ ,

ਨਿੱਜੀ ਹਮਲੇ ਵੱਲੋਂ ਨਾ ਬਾਜ ਆਉਂਦੇ ;

ਠੇਸ ਭਾਵਨਾ ਨੂੰ ਲੱਗੀ ਆਖਕੇ ਤੇ ,

ਕੋਸ਼ਿਸ਼ ਪਾਠਕ ਉਕਸਾਉਣ ਦੀ ਕਰੀ ਜਾਂਦੇ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, May 3, 2011

ਇੱਕ (੧) ਤੇ ਹਮਲਾ

ਇੱਕ (੧) ਤੇ ਹਮਲਾ
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਜੋ ਮਨੁੱਖ ਦੀ ਧਾਰਮਿਕ ਹਾਲਤ ਸੀ ਅੱਜ ਵੀ ਉਸ ਤੋਂ ਘੱਟ ਨਹੀਂ ਹੈ । ਉਸ ਵੇਲੇ ਵੀ ਧਰਮ ਦੇ ਨਾਮ ਤੇ ਲੁੱਟਿਆ ਤੇ ਕੁੱਟਿਆ ਹੀ ਜਾਂਦਾ ਸੀ ਤੇ ਅੱਜ ਵੀ । ਫਰਕ ਸਿਰਫ ਏਨਾ ਹੈ ਕਿ ਉਦੋਂ ਲੁੱਟਣ ਤੇ ਕੁੱਟਣ ਦੇ ਢੰਗ ਸਧਾਰਣ ਸਨ ਅੱਜ ਨਵੀਨ ਅਤੇ ਹਾਈ ਟੈੱਕ ਹਨ । ਉਦੋਂ ਰੱਬ ਦੇ ਨਾਂ ਤੇ ਬੰਦਾ ਜਲਦੀ ਡਰ ਜਾਂਦਾ ਸੀ, ਅੱਜ ਕਲ ਕਈ ਤਰਾਂ ਦੇ ਸਮੋਹਣਾ ਦਾ ਜਾਲ ਵਿਛਾ ਕੇ ਡਰਾ ਲਿਆ ਜਾਂਦਾ ਹੈ । ਇੱਥੋਂ ਤੱਕ ਕਿ ਅੱਜ ਤਾਂ ਬੰਦਾ ਭੂਤ ਕਾਲ ਵਿੱਚ ਹੋਈ ਕਿਸੇ ਭਗਤੀ ਵਿੱਚ ਭੰਗਣਾ ਦੇ ਭੁਲੇਖੇ ਨੂੰ ਚਿਤਵ ਆਪਣੇ ਆਪ ਨੂੰ ਸਵੈ-ਸਮੋਹਣ ਕਰ ਲੋਟੂਆਂ ਦੇ ਜਾਲ ਵੱਲ ਨੂੰ ਆਪ ਹੀ ਤੁਰਿਆ ਜਾ ਰਿਹਾ ਹੈ । ਉਦੋਂ ਝੜਾਵਾ(ਭੇਟਾ) ਸਿੱਧਾ ਪੁਜਾਰੀ ਦੇ ਘਰ ਜਾਂਦਾ ਸੀ , ਹੁਣ ਵੀ ਲੋਟੂ ਵਿਧੀ ਦੁਆਰਾ ਸਦੀਆਂ ਤੱਕ ਆਪਦੀਆਂ ਆਉਣ ਵਾਲੀਆਂ ਕੁਲਾਂ ਦੀ ਰੋਜੀ-ਰੋਟੀ ਪਕਿਆਂ ਕਰਨ ਖਾਤਿਰ ਮਿਹਨਤ-ਕਸ਼ਾਂ ਨੂੰ ਭੰਬਲ-ਭੂਸੇ ਪਾਉਂਦਾ , ਇੱਕ ਚਿਰ ਸਥਾਈ ਡਿਪਾਰਟਮੈਂਟ ਨੂੰ ਪੱਕੇ ਪੈਰੀਂ ਕਰਦਾ ਹੋਇਆ ਲੋਕ-ਤੰਤਰਿਕ ਢੰਗਾਂ ਰਾਹੀਂ ਉਸੇ ਹੀ ਖਾਸ ਵਰਗ ਦੇ ਘਰ ਪਹੁੰਚਦਾ ਹੈ ।

Tuesday, April 26, 2011

ਇੱਕ (੧) ਦੀ ਗੱਲ

ਇੱਕ (੧) ਦੀ ਗੱਲ


ਜੇਕਰ ਇੱਕੋ ਗ੍ਰੰਥ ਦੇ ਨਾਲ ਜੁੜੀਏ ,

ਏਕਾ ਸਦਾ ਲਈ ਕੌਮ ਵਿੱਚ ਰਹਿ ਸਕਦਾ ।

ਗੁਰੂ ਬਾਬੇ ਦਾ ਫਲਸਫਾ ਸਮਝਣੇ ਲਈ ,

ਤਾਹੀਓਂ ਸਿੱਖ ਸੰਸਾਰ ਨੂੰ ਕਹਿ ਸਕਦਾ ।

ਗੁਰੂ ਨਾਨਕ ਦੇ ਇੱਕ(੧) ਦੀ ਗੱਲ ਅੱਜ ਕਲ ,

ਲਗਦਾ ਸਿੱਖਾਂ ਨੇ ਉੱਕਾ ਭੁਲਾ ਛੱਡੀ ,

ਵਰਨਾ ਗੁਰੂ ਗ੍ਰੰਥ ਦੀ ਛਾਂ ਥੱਲੇ ,

ਸਾਰਾ ਜਗਤ ਹੀ ਪਿਆਰ ਨਾਲ ਬਹਿ ਸਕਦਾ ।।

Wednesday, April 20, 2011

ਗੁਰੂ ਗ੍ਰੰਥ ਦਾ ਪੰਥ

ਗੁਰੂ ਗ੍ਰੰਥ ਦਾ ਪੰਥ


ਤਾਣੀ ਸਦੀਆਂ ਤੋਂ ਉਲਝੀ ਹੈ ਪਈ ਜਿਹੜੀ ,

ਇਹਨੂੰ ਬਹਿਕੇ ਸੁਲਝਾਉਣ ਦਾ ਹੱਲ ਕਰੀਏ ।

ਡੇਰੇਦਾਰਾਂ ਦੇ ਪੰਥਾਂ ਨੂੰ ਛੱਡ ਕੇ ਤੇ ,

ਗੁਰੂ ਗ੍ਰੰਥ ਦੇ ਪੰਥ ਦੀ ਗੱਲ ਕਰੀਏ ।

ਕਿਸੇ ਹੋਰ ਗ੍ਰੰਥ ਜਾਂ ਦੇਹਧਾਰੀ ,

ਸੰਪਰਦਾਵਾਂ ਨੂੰ ਸਿੱਖੀ ਤੋਂ ਬਾਹਰ ਕਰਕੇ ;

ਆਖਿਰ ਇੱਕ ਦਾ ਹੋਣ ਤੇ ਗੱਲ ਬਣਨੀ ,

ਭਾਵੇਂ ਅੱਜ ਕਰੀਏ ਭਾਵੇਂ ਕੱਲ੍ਹ ਕਰੀਏ ।।