Saturday, July 3, 2010

ਪੰਜ ਅਤੇ ਇੱਕ?

ਪੰਜ ਅਤੇ ਇੱਕ?
ਪੰਜ ਰਹਿਤੀਆ, ਪੰਜ ਕਕਾਰੀ,
ਪੰਜ ਤੱਤਾਂ ਦਾ ਜਾਇਆ।
ਪੰਜ ਬਾਣੀਆਂ, ਪੰਜ ਤਖਤਾਂ ਨੂੰ,
ਪੰਜਾ ਨੇ ਸਮਝਾਇਆ।।
ਪਰ
ਏਕ ਪਿਤਾ, ਏਕਸ ਕੇ ਬਾਰਿਕ,
ਏਕੇ ਵਿੱਚ ਸਮਾਏ;
ਇੱਕ ਗ੍ਰੰਥ ਦੀ, ਇੱਕ ਸਿੱਖਿਆ ਵਿੱਚ,
ਪਾਂਜਾ ਕਿੱਦਾਂ ਆਇਆ?

ਇੱਕੋ

ਇੱਕੋ
ਇੱਕੋ ਰੱਬ ਨੇ ਇੱਕੋ ਸੰਸਾਰ ਬੱਧਾ
ਇੱਕੋ ਕੁਦਰਤ ਚ’ ਉਹ ਤਾਂ ਸਮਾਅ ਰਿਹਾ ਏ।
ਇੱਕੋ ਗਿਆਨ ਹੀ ਇੱਕੋ ਹੀ ਗੁਰੂ ਬਣਕੇ
ਸਾਰੇ ਜਗਤ ਨੂੰ ਅੱਜ ਰੁਸ਼ਨਾਅ ਰਿਹਾ ਏ।
ਇੱਕੋ ਨਿਯਮ ਦੇ ਰੂਪ ਵਿੱਚ ਸਰਬਸਾਂਝਾ
ਇੱਕੋ ਧਰਮ ਉਸ ਦਿੱਤਾ ਸੰਸਾਰ ਤਾਂਈਂ,
ਇੱਕੋ ਪੰਥ ਲਈ ਇੱਕੋ ਗ੍ਰੰਥ ਹੋਕੇ
ਇੱਕੋ ਤਖਤ ਤੋਂ ਗੱਲ ਸਮਝਾ ਰਿਹਾ ਏ।।

ਗਦਰ

ਗਦਰ
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਜਿਹੜੇ ਲਗਦੇ ਨੇ ਮੌਕੇ ਤੇ ਬਾਗੀ ਜਿਹੇ,
ਪਿੱਛੋਂ ਉਹਨਾਂ ਤੇ ਸਾਨੂੰ ਫਖ਼ਰ ਹੋਂਵਦਾ।
ਹੱਕ ਸੱਚ ਦੀ ਲੜਾਈ ਦੇ ਅੱਗੇ ਖੜੇ
ਗੁਰੂ ਅਰਜਨ ਸ਼ਹੀਦਾਂ ਦੇ ਸਿਰਤਾਜ ਨੇ।
ਸਾਡੇ ਊਧਮ, ਭਗਤ ਤੇ ਸਰਾਭੇ ਕਈ
ਓਸੇ ਸੱਚ ਦੀ ਬਦਲਵੀਂ ਹੀ ਆਵਾਜ਼ ਨੇ।
ਸਾਡੀ ਹੋਣੀ ਨੂੰ ਐਸੀ ਹੀ ਮੰਜਿਲ ਮਿਲੀ
ਜਿੱਥੇ ਸੱਚ ਦਾ ਨਾ ਕੋਈ ਅਸਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਜੋ ਵਿਦੇਸ਼ਾਂ `ਚ ਬੈਠੇ ਵੀ ਧੁਖਦੇ ਰਹੇ
ਸ਼ੋਲੇ ਬਣਿਆਂ ਵਤਨ ਨੂੰ ਜਦੋਂ ਆ ਗਏ।
ਕਾਹਦਾ ਹੁੰਦਾ ਏ ਦੁਸ਼ਮਣ ਤੇ ਕਰਨਾਂ ਗਿਲਾ
ਧੋਖਾ ਆਪਣੇ ਭਰਾਵਾਂ ਤੋਂ ਜੋ ਖਾ ਗਏ।
ਫਾਂਸੀ ਮਜਹਬਾਂ ਦੇ ਫਤਵੇ ਦੀ ਲਗਣੀ ਨਾ ਸੀ
ਸੱਚ ਮਜ਼ਹਬਾਂ ਦੇ ਫਤਵੀਂ ਅਗਰ ਹੋਵਂਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਉਹ ਜਮਾਤਾਂ ਤੋਂ ਉਪਰ ਹੋ ਲੜਦੇ ਰਹੇ
ਅਸੀਂ ਜਾਤਾਂ `ਚ ਮੇਚਣ ਦੀ ਫੀਤੀ ਫੜੀ।
ਜਿਹੜਾ ਵਰਗਾਂ ਦੇ ਢਾਂਚੇ `ਚ ਢਲਿਆ ਨਹੀਂ
ਉਹਨੂੰ ਭੰਡਣ ਤੇ ਛੇਕਣ ਦੀ ਨੀਤੀ ਘੜੀ।
ਜੋ ਮਨੁਖਾਂ ਦੇ ਹੱਕਾਂ ਨੂੰ ਸਾਂਝਾ ਕਹੇ
ਉਥੇ ਨੀਤੀ ਦਾ ਜਲਵਾ ਨਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਜਿਓਂਦੇ ਨੂੰ ਵੰਡਣ ਦੇ ਆਦੀ ਬਣੇ
ਤਾਂ ਸ਼ਹੀਦਾਂ ਨੂੰ ਵੰਡਣ ਤੋਂ ਰਹਿ ਨਾ ਸਕੇ।
ੳੱਚਾ ਮਜਹਬਾਂ ਦੇ ਨਾਲੋਂ ਸਦਾ ਜੋ ਰਿਹਾ
ਅਸੀਂ ਰੁਤਬਾ ਸ਼ਹੀਦਾਂ ਦਾ ਕਹਿ ਨਾਂ ਸਕੇ।
ਘਾਟ ਬਜ -ਬਜ ਦਾ ਹੋਵੇ ਜਾਂ ਪਛਮੀਂ ਗਦਰ
ਸਦਾ ਇੱਕੋ ਹੀ ਸਭ ਦਾ ਹਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਮੁੜ ਉਹ ਵਿਚਾਰਾਂ ਦੇ ਰਾਹ ਨਾ ਪਏ
ਜੋ ਸੀ ਓਹਨਾ ਸ਼ਹੀਦਾਂ ਨੇ ਚਾਹਿਆ ਕਦੇ।
ਜਿਹੜੀ ਸੇਵਾ ਭਲਾ ਸਰਬੱਤ ਦਾ ਕਰੇ
ਐਸੇ ਸੱਚ ਦਾ ਨਾ ਸਾਥ ਨਿਭਾਇਆ ਕਦੇ।
ਬਸ ਸ਼ਹੀਦਾਂ ਤੇ ਫੁਲਾਂ ਦੀ ਮਾਲਾ ਚੜ੍ਹਾ
ਸਾਡੇ ਫਰਜਾਂ ਦਾ ਏਥੇ ਸਬਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਲਿਖਤੀ ਥਿਊਰੀ ਬਥੇਰੀ ਪੜ੍ਹੀ
ਹੁਣ ਅਮਲਾਂ ਦੇ ਵੱਲ ਵੀ ਨਜਰ ਸੁੱਟੀਏ।
ਨਫਰਤਾਂ ਤੇ ਵਿਤਕਰੇ ਮੁਕਾ ਕੇ ਦਿਲੋਂ
ਆਓ ਬੇਗਮਪੁਰੇ ਵੱਲ ਕਦਮ ਪੁੱਟੀਏ।
ਜਾਤਾਂ ਨਸਲਾਂ ਤੇ ਮਜਹਬਾਂ `ਚ ਵੰਡਿਆ ਫਿਰੇ
ਜਾਤ ਮਾਣਸ ਤਾਂ ਇੱਕੋ ਮਗਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।

Thursday, June 24, 2010

ਰਸ-ਸੁਇਨਾ

ਰਸ-ਸੁਇਨਾ
ਧਰਮ ਸਥਾਨਾ ਉੱਤੇ ਲੱਗਿਆ ਜੋ ਸੋਨਾ ਹੁੰਦਾ,
ਦੇਸੀ ਤੇ ਵਿਦੇਸੀ ਉਹ ਲੁਟੇਰਿਆਂ ਨੂੰ ਭਾਵੇ ਜੀ।
ਮੰਦਰਾਂ `ਚ ਰੱਖ-ਰੱਖ ਹਿੰਦੀਆਂ ਨੇ ਦੇਖ ਲਿਆ,
ਧਾੜਵੀ ਲੁਟੇਰਿਆਂ ਨੂੰ ਸੱਦਾ ਇਹ ਪੁਚਾਵੇ ਜੀ।
ਗੁਰੂਆਂ ਨੇ ਸਾਨੂੰ ਜਿੱਥੋਂ ‘ਰਸ’ ਕਹਿ ਕੇ ਹੋੜਿਆ,
ਕਾਹਤੋਂ ਸਿੱਖ ਅੱਜ ਉਸੇ ‘ਰਸ’ ਪਿੱਛੇ ਜਾਵੇ ਜੀ।
ਸੋਨਾ ਜੇ ਲਗਾਉਣਾ ਲਾਓ ਦਿਲਾਂ ਤੇ ਦਿਮਾਗਾਂ ਉੱਤੇ,
ਤਾਂ ਕਿ ਇਹ ਮਨੁੱਖਤਾ ਹੀ ਸੋਨਾ ਬਣ ਜਾਵੇ ਜੀ।।

Sunday, June 20, 2010

ਬੱਬੂ ਮਾਨ

ਬੱਬੂ ਮਾਨ
ਭਾਰੂ ਸਤਾ ਤੇ ਹੋ ਬਹੁ ਗਿਣਤੀਆਂ ਨੇ,
ਘੱਟ ਗਿਣਤੀਆਂ ਨੂੰ ਤਾਂ ਦਬਾਇਆ ਹੀ ਏ।
ਆਪਣੀ ਪਕੜ ਸਦੀਵੀ ਬਣਾਉਣ ਖਾਤਿਰ,
ਮਨ ਘੜਤ ਇਤਿਹਾਸ ਬਣਾਇਆ ਹੀ ਏ।
ਜਦੋਂ ਚੇਤਨਾ ਜਾਗਣੀ ਸ਼ੁਰੂ ਹੋ ਜਾਏ,
ਗੱਲ ਲੋਕਾਂ ਦੇ ਦਿਲਾਂ ਤੱਕ ਪੁੱਜ ਜਾਂਦੀ;
ਕਪੂਰ ਸਿੰਘ ਨੇ ਲਿਖੀ ਜੋ ਹੱਡ ਬੀਤੀ,
ਬੱਬੂ ਮਾਨ ਤਾਂ ਕੇਵਲ ਸੁਣਾਇਆ ਹੀ ਏ।।

Friday, June 11, 2010

ਸੇਲ ਸੇਲ ਸੇਲ

ਸੇਲ ਸੇਲ ਸੇਲ
ਕੰਮਾਂ ਧੰਦਿਆਂ ਵਿੱਚ ਠੇਕੇਦਾਰ ਹੰਦੇ,
ਐਪਰ ਧਰਮ ਦੇ ਅਜਕਲ ਅਖਵਾਂਵਦੇ ਨੇ।
ਖਤਰਾ ਘਾਟੇ ਦਾ ਸਦਾ ਲਈ ਮੁੱਕ ਜਾਂਦਾ,
ਜਦੋਂ ਪੂਜਾ ਨੂੰ ਕਿਰਤ ਬਣਾਂਵਦੇ ਨੇ।
ਭਾਵੇਂ ਜੱਗ ਤੇ ਮੰਦੀ ਦਾ ਦੌਰ ਚੱਲੇ,
ਪੰਜੇ ਇਹਨਾ ਦੀਆਂ ਘਿਓ ਵਿੱਚ ਰੰਹਿਦੀਆਂ ਨੇ;
ਕਦੇ ਛੇਕਣ ਲਈ ਸੇਲ ਤੇ ਕੰਮ ਕਰਦੇ,
ਕਦੇ ਮਾਫੀ ਦੀ ਸੇਲ ਲਗਾਂਵਦੇ ਨੇ।

Sunday, June 6, 2010

ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਓਂ ਗਿਆ ?


ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਓਂ ਗਿਆ ?


                                 ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਕਾਰਣ ਬਹੁਤ ਸਾਰੇ ਲੇਖਕਾਂ ਅਤੇ ਵਿਦਵਾਨਾ ਨੇ ਇਤਿਹਾਸ ਦੀਆਂ ਅਨੇਕਾਂ ਪਰਤਾਂ ਨੂੰ ਮੁੜ ਤੋਂ ਫਰੋਲਦਿਆਂ, ਵਿਚਾਰ ਚਰਚਾ ਕਰਦਿਆਂ ਬਹੁਤ ਨਵੀਆਂ ਗੱਲਾਂ ਸੁਆਲੀਆ ਰੂਪ ਵਿੱਚ ਸਾਹਮਣੇ ਰੱਖੀਆਂ ਹਨ । ਲਿਖੇ ਹੋਏ ਅਤੇ ਲਿਖਾਏ ਹੋਏ ਇਤਿਹਾਸ ਦਾ ਅੰਤਰ ਮਹਿਸੂਸਦਿਆਂ ਜਿਆਦਾ ਲਿਖਾਰੀਆਂ ਇਤਿਹਾਸਿਕ ਹਵਾਲਿਆਂ ਨਾਲੋਂ ਗੁਰਮਤਿ ਸਿਧਾਂਤ ਅਤੇ ਗੁਰਮਤਿ ਫਿਲਾਸਫੀ ਦੇ ਦ੍ਰਿਸ਼ਟੀਕੋਣ ਨੂੰ ਉੱਪਰ ਰੱਖਿਆ ਹੈ ਜਿਸ ਨਾਲ ਭਵਿੱਖ ਵਿੱਚ ਇਤਿਹਾਸ ਦਾ ਮਿਥਿਹਾਸ ਬਣਨ ਤੋਂ ਠੱਲ ਪੈਣ ਦੇ ਆਸਾਰ ਨਜਰ ਆਉਣ ਲੱਗੇ ਹਨ । ਇਹ ਇੱਕ ਸਿਹਤਮੰਦ ਅਤੇ ਜਾਗਰੁਕਤਾ ਭਰਿਆ ਰੁਝਾਨ ਹੈ । ਗੁਰਮਤਿ ਦੀ ਕਸਵੱਟੀ ਤੇ ਪਰਖਦਿਆਂ ਗੁਰੂੁ ਕਾਲ ਨਾਲ ਸਬੰਧਤ ਲਿਖਿਆ ਗਿਆ ਇਤਿਹਾਸ ਵੀ ਜਿਆਦਾਤਰ ਦੂਜੇ ਮਜਹਬਾਂ ਦੀ ਰੀਸੇ ਕਰਿਸ਼ਮੇ ਭਰਪੂਰ ਆਕਰਸ਼ਣ ਵਾਲਾ ਮਿਥਿਹਾਸ ਹੀ ਜਾਪਣ ਲਗਦਾ ਹੈ, ਤਾਂ ਬਾਅਦ ਵਾਲੇ ਇਤਿਹਾਸ ਦਾ ਠੀਕ ਹੋਣਾ ਕਿੰਝ ਵਿਚਾਰਿਆ ਜਾ ਸਕਦਾ ਹੈ । ਗੁਰਮਤਿ ਸਿਧਾਂਤ ਤੋਂ ਸਖਣੇ,ਕੇਵਲ ਇਤਿਹਾਸਕ ਹਵਾਲਿਆਂ ਦੀ ਮਦਦ ਅਤੇ ਹਕੂਮਤਾਂ ਦੇ ਥਾਪੜੇ ਨਾਲ ਲਿਖੇ ਗਏ ਸਿੱਖ ਇਤਿਹਾਸ ਦਾ ਮੰਤਵ ਹੁਣ ਗੁੱਝਾ ਨਹੀਂ ਰਿਹਾ ।